ਅੰਮ੍ਰਿਤਸਰ: ਪੰਜਾਬ ਵਿੱਚ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਕਾਰਵਾਈ ਕਰਦਿਆਂ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਸਰਹੱਦ ਪਾਰੋਂ ਚੱਲ ਰਹੇ ਕਥਿਤ ਨਸ਼ਾ ਅਤੇ ਹਥਿਆਰ ਤਸਕਰੀ ਮੋਡਿਊਲ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 10 ਕਿਲੋ ਹੈਰੋਇਨ ਅਤੇ 10 ਵਿਦੇਸ਼ੀ ਪਿਸਤੌਲ ਬਰਾਮਦ ਕੀਤੇ ਹਨ।
ਬਾਰਡਰ ਰੇਂਜ ਦੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਐਸਐਸਪੀ ਕੰਵਲਪ੍ਰੀਤ ਸਿੰਘ ਚਾਹਲ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਖੁਫੀਆ ਸੂਚਨਾ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ। ਬਰਾਮਦ ਹਥਿਆਰਾਂ ਵਿੱਚ 5 ਗਲੌਕ ਅਤੇ 5 PX5 ਪਿਸਤੌਲ ਸ਼ਾਮਲ ਹਨ।
ਵਿਦੇਸ਼ੀ ਹੈਂਡਲਰਾਂ ਦੇ ਇਸ਼ਾਰੇ ’ਤੇ ਚੱਲ ਰਿਹਾ ਸੀ ਨੈੱਟਵਰਕ
ਪੁਲਿਸ ਅਨੁਸਾਰ, ਇਹ ਨੈੱਟਵਰਕ ਮਿਡਲ ਈਸਟ ਵਿੱਚ ਬੈਠੇ ਇੱਕ ਹੈਂਡਲਰ ਅਤੇ ਪਾਕਿਸਤਾਨ ਆਧਾਰਿਤ ਤਸਕਰਾਂ ਦੇ ਇਸ਼ਾਰੇ ’ਤੇ ਕੰਮ ਕਰ ਰਿਹਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਡਰੋਨ ਰਾਹੀਂ ਸਰਹੱਦ ਪਾਰੋਂ ਹਥਿਆਰਾਂ ਅਤੇ ਨਸ਼ਿਆਂ ਦੀਆਂ ਖੇਪਾਂ ਭਾਰਤ ਵਿੱਚ ਭੇਜੀਆਂ ਜਾਂਦੀਆਂ ਸਨ, ਜਿਨ੍ਹਾਂ ਨੂੰ ਅੱਗੇ ਵੱਖ-ਵੱਖ ਵਿਅਕਤੀਆਂ ਅਤੇ ਗੈਂਗਸਟਰਾਂ ਤੱਕ ਪਹੁੰਚਾਇਆ ਜਾਂਦਾ ਸੀ।
ਗੈਂਗਸਟਰ ਕਿਸ਼ਨ ਜੰਡਿਆਲਾ ਨਾਲ ਜੁੜੀ ਕੜੀ ਦਾ ਖੁਲਾਸਾ
ਪੁਲਿਸ ਨੇ ਦੱਸਿਆ ਕਿ ਪਾਰਸਦੀਪ ਸਿੰਘ ਉਰਫ਼ ਬਿੱਲਾ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਦੇ ਦਾਅਵੇ ਮੁਤਾਬਕ, ਉਹ ਗੈਂਗਸਟਰ ਕਿਸ਼ਨ ਜੰਡਿਆਲਾ ਲਈ ਛੇਹਰਟਾ ਇਲਾਕੇ ਤੋਂ ਨਸ਼ੇ ਦੀਆਂ ਖੇਪਾਂ ਚੁੱਕਣ ਅਤੇ ਅੱਗੇ ਪਹੁੰਚਾਉਣ ਦਾ ਕੰਮ ਕਰਦਾ ਸੀ।
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਮੁਲਜ਼ਮ ਪਹਿਲਾਂ ਤਰਨਤਾਰਨ, ਸਰਾਏ ਅਮਾਨਤ ਖਾਂ ਅਤੇ ਆਸ-ਪਾਸ ਦੇ ਇਲਾਕਿਆਂ ਤੋਂ ਕਈ ਖੇਪਾਂ ਚੁੱਕ ਚੁੱਕਾ ਸੀ। ਪੁਲਿਸ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕਰ ਰਹੀ ਹੈ।
ਪੈਸਿਆਂ ਦਾ ਲਾਲਚ ਦੇ ਕੇ ਨੌਜਵਾਨਾਂ ਨੂੰ ਤਸਕਰੀ ’ਚ ਫਸਾਉਣ ਦੇ ਦੋਸ਼
ਪੁਲਿਸ ਅਧਿਕਾਰੀਆਂ ਮੁਤਾਬਕ, ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਨੌਜਵਾਨ ਵੀ ਸ਼ਾਮਲ ਹਨ, ਜੋ ਆਮ ਕੰਮਕਾਜ ਕਰਦੇ ਸਨ। ਦੋਸ਼ ਹੈ ਕਿ ਵਿਦੇਸ਼ੀ ਹੈਂਡਲਰ ਸੋਸ਼ਲ ਮੀਡੀਆ ਅਤੇ ਜਲਦੀ ਪੈਸਾ ਕਮਾਉਣ ਦੇ ਲਾਲਚ ਰਾਹੀਂ ਨੌਜਵਾਨਾਂ ਨੂੰ ਆਪਣੇ ਜਾਲ ਵਿੱਚ ਫਸਾ ਕੇ ਨਸ਼ਿਆਂ ਅਤੇ ਹਥਿਆਰਾਂ ਦੀ ਤਸਕਰੀ ਕਰਵਾਉਂਦੇ ਸਨ।
ਵੱਡੀ ਅਪਰਾਧਿਕ ਵਾਰਦਾਤ ਦੀ ਸਾਜ਼ਿਸ਼ ਨਾਕਾਮ ਕਰਨ ਦਾ ਪੁਲਿਸ ਦਾ ਦਾਅਵਾ
ਆਈਜੀ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਹਥਿਆਰਾਂ ਦੀ ਬਰਾਮਦਗੀ ਨਾਲ ਸੰਭਾਵਿਤ ਵੱਡੀ ਅਪਰਾਧਿਕ ਵਾਰਦਾਤ ਅਤੇ ਟਾਰਗੇਟ ਕਿਲਿੰਗ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਵਿੱਚ ਮਦਦ ਮਿਲੀ ਹੈ।
ਫਿਲਹਾਲ ਪੁਲਿਸ ਵੱਲੋਂ ਮੁਲਜ਼ਮਾਂ ਦੇ ਬੈਂਕ ਖਾਤਿਆਂ, ਵਿੱਤੀ ਲੈਣ-ਦੇਣ ਅਤੇ ਹੋਰ ਸੰਭਾਵਿਤ ਸਾਥੀਆਂ ਦੀ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਪੂਰੇ ਨੈੱਟਵਰਕ ਦਾ ਪਤਾ ਲਗਾਇਆ ਜਾ ਸਕੇ।







































