ਫਿਰੋਜ਼ਪੁਰ : 2 ਮਹੀਨੇ ਦੇ ਬੱਚੇ ਦੇ ਬਿਨਾਂ ਹੈਲਥ ਕਾਰਡ ਦੇਖੇ ਲਗਾਏ 4 ਟੀਕੇ, ਇਕ ਘੰਟੇ ਅੰਦਰ ਮੌਤ

0
1303

ਜ਼ੀਰਾ| ਪਿੰਡ ਤਲਵੰਡੀ ਮੰਗੇ ਖਾਂ ਵਿਖੇ ਇਕ ਛੋਟੇ ਬੱਚੇ ਦੀ ਮੌਤ ਉਪਰੰਤ ਪਰਿਵਾਰਕ ਮੈਂਬਰਾਂ ਨੇ ਮੌਤ ਦਾ ਦੋਸ਼ ਪਿੰਡ ਦੀ ਡਿਸਪੈਂਸਰੀ ’ਚ ਕੰਮ ਕਰਦੀਆਂ ਮਹਿਲਾ ਸਿਹਤ ਕਰਮੀਆਂ ’ਤੇ ਲਗਾਉਂਦਿਆਂ ਇਨਸਾਫ਼ ਲੈਣ ਲਈ ਪ੍ਰਸ਼ਾਸਨ ਨੂੰ ਲਿਖਤੀ ਰੂਪ ’ਚ ਸ਼ਿਕਾਇਤ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੱਚਾ ਲਵਪ੍ਰੀਤ ਸਿੰਘ ਕਰੀਬ 2-3 ਮਹੀਨਿਆਂ ਦਾ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼ਿਕਾਇਤਕਰਤਾ ਗੁਰਵਿੰਦਰ ਸਿੰਘ ਪੁੱਤਰ ਹਾਕਮ ਸਿੰਘ ਵਾਸੀ ਪਿੰਡ ਤਲਵੰਡੀ ਮੰਗੇ ਖਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ’ਚ ਇਕ ਸਰਕਾਰੀ ਡਿਸਪੈਂਸਰੀ ਹੈ, ਜਿੱਥੇ ਹਰ ਬੁੱਧਵਾਰ ਛੋਟੇ ਬੱਚਿਆਂ ਨੂੰ ਵਿਭਾਗ ਵਲੋਂ ਦੱਸੇ ਅਨੁਸਾਰ ਟੀਕੇ ਲਗਾਏ ਜਾਂਦੇ ਹਨ। 

ਇਸ ਮੌਕੇ ਉਸ ਦੀ ਪਤਨੀ ਰਾਜਪਾਲ ਕੌਰ ਸਾਡੇ ਛੋਟੇ ਬੱਚੇ ਨੂੰ ਲੈ ਕੇ ਪਿੰਡ ਦੀ ਸਰਕਾਰੀ ਡਿਸਪੈਂਸਰੀ ਵਿਚ ਟੀਕੇ ਲਗਵਾਉਣ ਵਾਲਾ ਕਾਰਡ ਨਾਲ ਲੈ ਕੇ ਗਈ। ਉਨ੍ਹਾਂ ਦੋਸ਼ ਲਗਾਇਆ ਕਿ ਡਿਸਪੈਂਸਰੀ ’ਚ ਮੌਜੂਦ ਮਹਿਲਾ ਸਿਹਤ ਕਰਮੀਆਂ ਵਲੋਂ ਕਾਰਡ ਦੇਖੇ ਬਿਨਾਂ ਹੀ ਬੱਚੇ ਦੇ 4 ਟੀਕੇ ਲਗਾ ਦਿੱਤੇ, ਜਿਸ ਕਾਰਨ 1 ਘੰਟੇ ਬਾਅਦ ਹੀ ਬੱਚੇ ਨੂੰ ਤੇਜ਼ ਬੁਖਾਰ ਹੋ ਗਿਆ ਅਤੇ ਕੋਟ ਈਸੇ ਖਾਂ ਨੂੰ ਇਲਾਜ ਲਈ ਜਾਂਦੇ ਸਮੇਂ ਹੀ ਰਾਹ ਵਿਚ ਬੱਚੇ ਦੀ ਮੌਤ ਹੋ ਗਈ।

ਦੂਜੇ ਪਾਸੇ ਮੁੱਢਲਾ ਸਿਹਤ ਕੇਂਦਰ ਕੱਸੋਆਣਾ ਦੇ ਐੱਸ. ਐੱਮ. ਓ. ਡਾ. ਬਲਕਾਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਜਾਂਚ ਚੱਲ ਰਹੀ ਹੈ ਅਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।