ਜਲੰਧਰ, 14 ਨਵੰਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਰਾਮਾਮੰਡੀ ਦੇ ਏਕਤਾ ਨਗਰ ਨੇੜੇ ਸੋਮਵਾਰ ਰਾਤ ਨੂੰ ਪੁਰਾਣੀ ਰੰਜਿਸ਼ ਤਹਿਤ ਇਕ ਮਹੰਤ ਦਾ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਗਿਆ। ਮ੍ਰਿਤਕ ਦੀ ਪਛਾਣ ਅਲੀਸ਼ਾ ਮਹੰਤ ਉਰਫ ਆਲੂ ਉਰਫ ਰੋਹਿਤ ਵਜੋਂ ਹੋਈ ਹੈ।
ਪੁਲਿਸ ਨੇ ਬਿੱਲਾ ਨਾਮ ਦੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਜਾਰੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪਾਰਟੀਆਂ ਮੌਕੇ ’ਤੇ ਪੁੱਜ ਗਈਆਂ। ਸਾਥੀ ਮਹੰਤਾਂ ਨੇ ਦੱਸਿਆ ਕਿ ਐਤਵਾਰ ਨੂੰ ਦੀਵਾਲੀ ਅਤੇ ਸੋਮਵਾਰ ਨੂੰ ਵਿਸ਼ਵਕਰਮਾ ਦੀ ਪੂਜਾ ਤੋਂ ਬਾਅਦ ਰੋਹਿਤ ਬਹੁਤ ਥੱਕਿਆ ਹੋਇਆ ਸੀ, ਜਿਸ ਕਾਰਨ ਉਹ ਸੋਮਵਾਰ ਰਾਤ ਜਲਦੀ ਸੌਂ ਗਿਆ। ਉਹ ਘਰ ਵਿਚ ਇਕੱਲਾ ਸੀ। ਇਸ ਦੌਰਾਨ ਬਿੱਲਾ ਨਾਮ ਦਾ ਨੌਜਵਾਨ ਉਨ੍ਹਾਂ ਦੇ ਘਰ ਅੰਦਰ ਵੜ ਗਿਆ, ਜਿਵੇਂ ਹੀ ਮੁਲਜ਼ਮ ਆਇਆ ਤਾਂ ਉਸ ਨੇ ਗੋਲੀ ਮਾਰ ਦਿੱਤੀ ਅਤੇ ਫਰਾਰ ਹੋ ਗਿਆ।
ਪੁਲਿਸ ਨੂੰ ਵਾਰਦਾਤ ਵਾਲੀ ਥਾਂ ਤੋਂ ਗੋਲੀਆਂ ਦੇ 2 ਖੋਲ ਮਿਲੇ ਹਨ। ਘਟਨਾ ਤੋਂ ਬਾਅਦ ਪੂਰੇ ਇਲਾਕੇ ‘ਚ ਡਰ ਦਾ ਮਾਹੌਲ ਹੈ। ਅਲੀਸ਼ਾ ਮਹੰਤ ਉਰਫ਼ ਆਲੂ ਦੀ ਮੌਤ ਤੋਂ ਬਾਅਦ ਸ਼ਹਿਰ ਦੇ ਸਮੂਹ ਮਹੰਤਾਂ ਨੇ ਜਲੰਧਰ-ਹੁਸ਼ਿਆਰਪੁਰ ਹਾਈਵੇ ‘ਤੇ ਸਥਿਤ ਜੌਹਲ ਹਸਪਤਾਲ ਦੇ ਬਾਹਰ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਦੇਰ ਰਾਤ ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਭਾਰੀ ਫੋਰਸ ਤਾਇਨਾਤ ਕੀਤੀ ਗਈ ਸੀ। ਇਹ ਹੰਗਾਮਾ ਦੇਰ ਰਾਤ ਤੱਕ ਜਾਰੀ ਰਿਹਾ ਪਰ ਪੁਲਿਸ ਨੇ ਕਿਸੇ ਤਰ੍ਹਾਂ ਸਾਰੇ ਮਹੰਤਾਂ ਨੂੰ ਸਮਝਾ ਕੇ ਹੰਗਾਮਾ ਖ਼ਤਮ ਕਰਵਾਇਆ।
ਏਸੀਪੀ ਨਿਰਮਲ ਸਿੰਘ ਨੇ ਕਿਹਾ ਕਿ ਜਲਦੀ ਹੀ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਬਿੱਲਾ ਦੇ ਭਰਾ ਨੇ ਆਪਣੇ ਸਾਥੀਆਂ ਲਖਣ, ਗੱਟੂ, ਰਿੱਕੀ, ਸ਼ਿਵਮ, ਵਿਪਨ, ਕਾਲੂ ਭਈਆ ਨਾਲ ਮਿਲ ਕੇ 28 ਅਕਤੂਬਰ ਨੂੰ ਆਲੂ ਦੇ ਘਰ ‘ਤੇ ਹਮਲਾ ਕੀਤਾ ਸੀ, ਜਿਸ ਵਿਚ ਆਲੂ ਨੇ ਦੱਸਿਆ ਸੀ ਕਿ ਉਕਤ ਦੋਸ਼ੀ ਉਸ ਦੀ ਭੈਣ ਨਾਲ ਛੇੜਛਾੜ ਕਰਦਾ ਸੀ। ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਮੁਲਜ਼ਮ ਹਥਿਆਰਾਂ ਨਾਲ ਲੈਸ ਹੋ ਕੇ ਆਏ ਅਤੇ ਉਸ ਦੇ ਇਲਾਕੇ ਅਤੇ ਘਰ ਦੀ ਭੰਨਤੋੜ ਵੀ ਕੀਤੀ। ਦੋਸ਼ੀ ਨੇ ਉਸ ਦਿਨ ਵੀ ਕਰੀਬ 2 ਵਾਰ ਫਾਇਰਿੰਗ ਕੀਤੀ।
ਮਾਮਲੇ ‘ਚ ਅਜੇ ਤੱਕ ਕਿਸੇ ਆਰੋਪੀ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਮੁਲਜ਼ਮ ਨੇ ਮੁੜ ਵਾਰਦਾਤ ਨੂੰ ਅੰਜਾਮ ਦਿੱਤਾ। ਜੌਹਲ ਹਸਪਤਾਲ ਦੇ ਬਾਹਰ ਹੰਗਾਮਾ ਕਰ ਰਹੇ ਮਹੰਤਾਂ ਨੇ ਦੱਸਿਆ ਕਿ ਘਰ ‘ਤੇ ਹਮਲੇ ਤੋਂ ਬਾਅਦ ਪੁਲਿਸ ਨੂੰ ਆਲੂ ਦੀ ਜਾਨ ਨੂੰ ਖਤਰੇ ਬਾਰੇ ਚਿਤਾਵਨੀ ਦਿੱਤੀ ਗਈ ਸੀ ਪਰ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਸੋਮਵਾਰ ਨੂੰ ਉਕਤ ਹਮਲਾਵਰਾਂ ਨੇ ਘਰ ‘ਚ ਦਾਖਲ ਹੋ ਕੇ ਉਸ ਦਾ ਕਤਲ ਕਰ ਦਿੱਤਾ।
(Note : ਜਲੰਧਰ ਦੀਆਂ ਵੱਡੀਆਂ ਖਬਰਾਂ ਲਈ ਸਾਡੇ Whatsapp ਗਰੁੱਪ https://shorturl.at/iAL49 ਜਾਂ Whatsapp ਚੈਨਲ https://shorturl.at/kFJMV ਨੂੰ ਫਾਲੋ ਕੀਤਾ ਜਾ ਸਕਦਾ ਹੈ। ਵਟਸਐਪ ਗਰੁੱਪ ‘ਚ ਐਡ ਹੋਣ ਤੋਂ ਬਾਅਦ ਤੁਹਾਡਾ ਨੰਬਰ ਬਾਕੀ ਮੈਂਬਰਾਂ ਨੂੰ ਵਿਖਾਈ ਦਿੰਦਾ ਹੈ। ਵਟਸਐਪ ਚੈਨਲ ਦੀ ਖਾਸੀਅਤ ਇਹ ਹੈ ਕਿ ਤੁਹਾਡਾ ਨੰਬਰ ਕਿਸੇ ਨੂੰ ਵਿਖਾਈ ਨਹੀਂ ਦਿੰਦਾ।)