ਗੁਰਦਾਸਪੁਰ ‘ਚ ਵੱਡੀ ਵਾਰਦਾਤ : FCI ਇੰਸਪੈਕਟਰ ਦੀ ਮਾਂ ਨੂੰ ਮਾਰ ਕੇ ਲਾਸ਼ ਗਟਰ ‘ਚ ਸੁੱਟੀ

0
1290

ਗੁਰਦਾਸਪੁਰ| ਲੁੱਟ ਦੀ ਨੀਅਤ ਨਾਲ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਥੇ ਘਰ ‘ਚ ਦਾਖਲ ਹੋਏ ਚੋਰਾਂ ਨੇ 60 ਸਾਲਾ ਬਜ਼ੁਰਗ ਔਰਤ ਦਾ ਕਤਲ ਕਰ ਦਿੱਤਾ। ਔਰਤ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਲਈ ਘਰ ‘ਚ ਬਣੇ ਗਟਰ ‘ਚ ਸੁੱਟ ਦਿੱਤਾ ਗਿਆ। ਇਸ ਬਾਰੇ ਜਦੋਂ ਆਸਪਾਸ ਦੇ ਲੋਕਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਗਟਰ ‘ਚੋਂ ਬਾਹਰ ਕੱਢਿਆ।

ਕਤਲ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਦਰ ਦੇ ਮੁਖੀ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ। ਮਾਮਲਾ ਦੀਨਾਨਗਰ ਅਧੀਨ ਪੈਂਦੇ ਪਿੰਡ ਅਵਾਂਖਾ ਦਾ ਹੈ। ਮ੍ਰਿਤਕ ਔਰਤ ਦੀ ਪਛਾਣ ਕਮਲਾ ਦੇਵੀ ਪਤਨੀ ਸੇਵਾਮੁਕਤ ਸੂਬੇਦਾਰ ਕਰਨ ਸਿੰਘ ਵਜੋਂ ਹੋਈ ਹੈ।

ਮ੍ਰਿਤਕ ਔਰਤ ਦਾ ਇੱਕ ਪੁੱਤਰ ਮਰਚੈਂਟ ਨੇਵੀ ਵਿੱਚ ਕੈਪਟਨ ਹੈ ਅਤੇ ਦੂਜਾ ਪੁੱਤਰ ਐਫਸੀਆਈ ਚੰਡੀਗੜ੍ਹ ਵਿੱਚ ਇੰਸਪੈਕਟਰ ਹੈ। ਜਦਕਿ ਧੀ ਰੇਣੂ ਪਠਾਨਕੋਟ ਰਹਿੰਦੀ ਹੈ। ਮ੍ਰਿਤਕ ਦੀ ਧੀ ਰੇਨੂੰ ਚੌਧਰੀ ਦੇ ਬਿਆਨਾਂ ‘ਤੇ ਮਿਥੁਨ ਉਰਫ ਪ੍ਰੇਮ ਚੰਦ ਵਾਸੀ ਅਵਾਂਖਾ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

ਔਰਤ ਦੇ ਗੁਆਂਢ ਵਿਚ ਰਹਿਣ ਵਾਲੇ ਪਵਨ ਕੁਮਾਰ ਨੇ ਦੱਸਿਆ ਕਿ ਉਸ ਨੇ ਕਮਲਾ ਦੇਵੀ ਦੇ ਘਰ ਦੇ ਬਾਹਰ ਪਿੰਡ ਦੇ ਹੀ ਇਕ ਬੰਦੇ ਨੂੰ ਦੇਖਿਆ। ਜਦੋਂ ਉਸ ਨੂੰ ਇੱਥੇ ਆਉਣ ਦਾ ਕਾਰਨ ਪੁੱਛਿਆ ਤਾਂ ਉਹ ਮੋਟਰਸਾਈਕਲ ਸਟਾਰਟ ਕਰਕੇ ਫ਼ਰਾਰ ਹੋ ਗਿਆ। ਸ਼ੱਕ ਪੈਣ ‘ਤੇ ਉਹ ਕਮਲਾ ਦੇਵੀ ਦੇ ਘਰ ਪਹੁੰਚਿਆ ਤਾਂ ਇਕ ਕਮਰੇ ‘ਚ ਖੂਨ ਦੇ ਛਿੱਟੇ ਪਏ ਸਨ ਅਤੇ ਨੇੜੇ ਹੀ ਲੋਹੇ ਦੀ ਰਾਡ ਪਈ ਸੀ ਪਰ ਕਮਲਾ ਦੇਵੀ ਦਾ ਪਤਾ ਨਹੀਂ ਲੱਗ ਸਕਿਆ। ਥਾਂ-ਥਾਂ ਭਾਲ ਕਰਨ ‘ਤੇ ਘਰ ਦੇ ਵਿਹੜੇ ‘ਚ ਗਟਰ ਦਾ ਢੱਕਣ ਚੁੱਕ ਕੇ ਦੇਖਿਆ ਤਾਂ ਕਮਲਾ ਦੇਵੀ ਦੀ ਲਾਸ਼ ਲਟਕ ਰਹੀ ਸੀ।