ਤਰਨਤਾਰਨ ‘ਚ ਵੱਡਾ ਹਾਦਸਾ : ਬੱਸ ਤੇ ਟਰੱਕ ਵਿਚਾਲੇ ਜ਼.ਬਰਦਸਤ ਟੱ.ਕਰ, 35 ਸਵਾਰੀਆਂ ਜ਼ਖਮੀ, 4 ਗੰਭੀਰ

0
463

ਤਰਨਤਾਰਨ, 27 ਦਸੰਬਰ | ਪੰਜਾਬ ਦੇ ਤਰਨਤਾਰਨ ਵਿਚ ਵੱਡਾ ਹਾਦਸਾ ਵਾਪਰਿਆ ਹੈ। ਇਥੇ ਬੱਸ ਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋਈ। ਇਸ ਭਿਆਨਕ ਹਾਦਸੇ ਵਿਚ 35 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਵਿਚ ਪੰਜਾਬ ਪੁਲਿਸ ਦੀਆਂ ਮਹਿਲਾ ਕਾਂਸਟੇਬਲ ਤੇ ਸਿਹਤ ਵਿਭਾਗ ਨਾਲ ਸਬੰਧਤ ਕੁਝ ਮੁਲਾਜ਼ਮ ਵੀ ਸ਼ਾਮਲ ਹਨ। ਇਨ੍ਹਾਂ ‘ਚ 4 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

ਜਾਣਕਾਰੀ ਅਨੁਸਾਰ ਹਾਦਸਾ ਬੁੱਧਵਾਰ ਸਵੇਰੇ ਵਾਪਰਿਆ। ਧੁੰਦ ਦੌਰਾਨ ਜੰਮੂ-ਕਸ਼ਮੀਰ ਰਾਜਸਥਾਨ ਨੈਸ਼ਨਲ ਹਾਈਵੇਅ ‘ਤੇ ਸਥਿਤ ਪਿੰਡ ਠੱਠੀਆਂ ਮਹਾਨਤਾ ਕੋਲ ਇਕ ਟਰੱਕ ਸੜਕ ਕਿਨਾਰੇ ਰੁਕ ਗਿਆ। ਇਸੇ ਦੌਰਾਨ ਨਿਊ ਦੀਪ ਬੱਸ ਟਰਾਂਸਪੋਰਟ ਕੰਪਨੀ ਦੀ ਇਕ ਬੱਸ ਅੰਮ੍ਰਿਤਸਰ ਤੋਂ ਬਠਿੰਡਾ ਜਾ ਰਹੀ ਸੀ। ਬੱਸ ‘ਚ ਕਰੀਬ 40 ਲੋਕ ਸਵਾਰ ਸਨ। ਧੁੰਦ ਕਰਕੇ ਬੱਸ ਚਾਲਕ ਸੜਕ ਕਿਨਾਰੇ ਖੜ੍ਹੇ ਟਰੱਕ ਨੂੰ ਨਹੀਂ ਦੇਖ ਸਕਿਆ, ਜਿਸ ਕਾਰਨ ਬੱਸ ਟਰੱਕ ਦੇ ਪਿਛਲੇ ਹਿੱਸੇ ਨਾਲ ਟਕਰਾਅ ਗਈ। ਇਸ ਟੱਕਰ ‘ਚ 35 ਲੋਕ ਜ਼ਖਮੀ ਹੋਏ।

ਸਿਹਤ ਵਿਭਾਗ ਦੇ ਕਰਮਚਾਰੀ ਅੰਮ੍ਰਿਤਸਰ ਤੋਂ ਜ਼ੀਰਾ ਡਿਊਟੀ ‘ਤੇ ਜਾ ਰਹੇ ਸਨ। ਹਾਦਸੇ ਦਾ ਪਤਾ ਲੱਗਦੇ ਹੀ ਨੈਸ਼ਨਲ ਹਾਈਵੇਅ ਦੀ ਐਂਬੂਲੈਂਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ। ਸਿਵਲ ਹਸਪਤਾਲ ਦੀ SMO ਡਾ. ਨੀਰਜ ਲਤਾ ਨੇ ਦੱਸਿਆ ਕਿ 4 ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਰੈਫ਼ਰ ਕੀਤਾ ਜਾ ਰਿਹਾ ਹੈ। ਥਾਣਾ ਸਰਹਾਲੀ ਦੇ ਇੰਚਾਰਜ ਇੰਸਪੈਕਟਰ ਕਮਲਜੀਤ ਰਾਏ ਦਾ ਕਹਿਣਾ ਹੈ ਕਿ ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ ਟਰੱਕ ਨੂੰ ਕਬਜ਼ੇ ‘ਚ ਲੈ ਲਿਆ ਗਿਆ ਹੈ।