ਚੰਡੀਗੜ੍ਹ ‘ਚ ਵੱਡਾ ਹਾਦਸਾ : ਮੁਰੰਮਤ ਦੌਰਾਨ ਡਿੱਗੀ ਛੱਤ, 2 ਮਜ਼ਦੂਰਾਂ ਦੀ ਦਰਦਨਾਕ ਮੌਤ

0
628

ਚੰਡੀਗੜ੍ਹ, 5 ਅਕਤੂਬਰ | ਇਥੋਂ ਦੇ ਸੈਕਟਰ 33 ਟੈਰੇਸ ਗਾਰਡਨ ਨੇੜੇ ਇਕ ਵੱਡਾ ਹਾਦਸਾ ਵਾਪਰਿਆ। ਇਥੇ ਮੁਰੰਮਤ ਦੌਰਾਨ ਇਕ ਬੂਥ ਦੀ ਛੱਤ ਡਿੱਗ ਗਈ, ਜਿਸ ਨਾਲ 4 ਮਜ਼ਦੂਰ ਫਸ ਗਏ। ਇਸ ਘਟਨਾ ਵਿਚ 2 ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ 2 ਮਜ਼ਦੂਰ ਜ਼ਖ਼ਮੀ ਦੱਸੇ ਜਾ ਰਹੇ ਹਨ। ਫਿਲਹਾਲ ਸਾਰੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਫਾਇਰ ਬ੍ਰਿਗੇਡ, ਪੁਲਿਸ ਅਤੇ NDRF ਦੀਆਂ ਟੀਮਾਂ ਨੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤਾ ਹੈ।

ਜਾਣਕਾਰੀ ਅਨੁਸਾਰ ਹਾਦਸਾ ਬੁੱਧਵਾਰ ਸ਼ਾਮ ਨੂੰ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇਥੇ ਕੈਫੇ ਦੀ ਦੁਕਾਨ ਖੋਲ੍ਹਣ ਵਾਲੇ ਸਨ, ਜਿਸ ਲਈ ਪਿਛਲੇ 3 ਦਿਨਾਂ ਤੋਂ ਬੂਥ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਦੋਵੇਂ ਬੂਥਾਂ ਵਿਚਕਾਰ ਦੀਵਾਰ ਹਟਾਈ ਜਾਣ ਕਾਰਨ ਬੁੱਧਵਾਰ ਸ਼ਾਮ ਮਜ਼ਦੂਰ ਬੂਥ ਦੇ ਅੰਦਰੋਂ ਸਲੈਬਾਂ ਤੋੜ ਰਹੇ ਸਨ। ਇਸ ਦੌਰਾਨ ਅਚਾਨਕ ਛੱਤ ਡਿੱਗ ਗਈ ਅਤੇ ਮਜ਼ਦੂਰ ਹੇਠਾਂ ਦੱਬ ਗਏ।

ਇਕ ਮ੍ਰਿਤਕ ਦੀ ਪਛਾਣ ਮਨਚਨ ਕੁਮਾਰ (24) ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਬਿਹਾਰ ਦਾ ਰਹਿਣ ਵਾਲਾ ਸੀ। ਇਸ ਮਾਮਲੇ ਵਿਚ ਪੁਲਿਸ ਨੇ ਕੈਫੇ ਦੀ ਦੁਕਾਨ ਬਣਾਉਣ ਵਾਲੇ ਆਯੂਸ਼ ਅਤੇ ਠੇਕੇਦਾਰ ਸੁਰਿੰਦਰ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 304 ਏ, 336, 337, 34 ਤਹਿਤ ਕੇਸ ਦਰਜ ਕਰਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਧਮਾਕੇ ਦੀ ਆਵਾਜ਼ ਅਤੇ ਮਜ਼ਦੂਰਾਂ ਦੀਆਂ ਚੀਕਾਂ ਸੁਣ ਕੇ ਲੋਕ ਬਚਾਉਣ ਲਈ ਭੱਜੇ ਅਤੇ ਤੁਰੰਤ 2 ਮਜ਼ਦੂਰਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ ਅਤੇ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ। ਪੀਸੀਆਰ ਨੇ ਪਹੁੰਚ ਕੇ ਭੀੜ ਨੂੰ ਹਟਾਇਆ ਅਤੇ ਮਜ਼ਦੂਰਾਂ ਨੂੰ ਹਸਪਤਾਲ ਪਹੁੰਚਾਇਆ। ਫਾਇਰ ਬ੍ਰਿਗੇਡ, ਪੁਲਿਸ ਅਤੇ NDRF ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਮਲਬਾ ਹਟਾਉਣ ਲਈ 2 ਜੇਸੀਬੀ ਮਸ਼ੀਨਾਂ ਲਗਾਈਆਂ ਗਈਆਂ ਅਤੇ ਡੰਪਰ ਦੀ ਮਦਦ ਲਈ ਗਈ।
ਹਾਦਸੇ ਦੀ ਸੂਚਨਾ ਮਿਲਣ ’ਤੇ DSP ਦਲਬੀਰ ਸਿੰਘ ਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਡਿਜ਼ਾਸਟਰ ਮੈਨੇਜਮੈਂਟ ਦੇ ਮੁਖੀ ਟੀਮ ਨਾਲ ਪਹੁੰਚੇ। SDM ਦੱਖਣੀ ਵੀ ਮੌਕੇ ’ਤੇ ਪੁੱਜੇ ਅਤੇ ਬਚਾਅ ਕਾਰਜਾਂ ਦਾ ਜਾਇਜ਼ਾ ਲਿਆ। ਸ਼ਾਮ 7.30 ਵਜੇ ਦੇ ਕਰੀਬ ਆਈਜੀ ਆਰਕੇ ਸਿੰਘ ਅਤੇ ਐਸਐਸਪੀ ਕੰਵਰਦੀਪ ਕੌਰ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ।