ਲੁਧਿਆਣਾ, 10 ਜਨਵਰੀ | ਹੁਣ ਇਹ ਤੈਅ ਹੋ ਗਿਆ ਹੈ ਕਿ ਲੁਧਿਆਣਾ ਦਾ ਮੇਅਰ ਆਮ ਆਦਮੀ ਪਾਰਟੀ ਦਾ ਹੀ ਬਣੇਗਾ। ਆਮ ਆਦਮੀ ਪਾਰਟੀ ਕੋਲ ਹੁਣ ਕੁੱਲ 46 ਕੌਂਸਲਰ ਹਨ। ਆਮ ਆਦਮੀ ਪਾਰਟੀ ਨੇ ਵੀਰਵਾਰ ਰਾਤ ਕਰੀਬ 10.30 ਵਜੇ ਸਿਆਸੀ ਧਮਾਕਾ ਕਰ ਦਿੱਤਾ। ਉਨ੍ਹਾਂ ਕਾਂਗਰਸ ਦੇ ਦੋ ਅਤੇ ਭਾਜਪਾ ਦੇ ਇੱਕ ਕੌਂਸਲਰ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕੀਤਾ।
ਵਾਰਡ ਨੰਬਰ 45 ਦੀ ਕੌਂਸਲਰ ਪਰਮਜੀਤ ਕੌਰ ਅਤੇ ਉਨ੍ਹਾਂ ਦੇ ਪਤੀ ਪਰਮਿੰਦਰ ਸਿੰਘ ਸੋਮਾ ਅਤੇ ਵਾਰਡ ਨੰਬਰ 42 ਦੇ ਕੌਂਸਲਰ ਜਗਮੀਤ ਸਿੰਘ ਨੋਨੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਦੇ ਨਾਲ ਹੀ ਵਾਰਡ ਨੰਬਰ 21 ਤੋਂ ਭਾਜਪਾ ਕੌਂਸਲਰ ਅਨੀਤਾ ਨਨਚਾਹਲ ਅਤੇ ਕਰਨ ਨਨਚਾਹਲ ਵੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ।
ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਉਨ੍ਹਾਂ ਨੂੰ ਪਾਰਟੀ ਵਿਚ ਸ਼ਾਮਲ ਕੀਤਾ। ਦੋਵੇਂ ਕਾਂਗਰਸੀ ਕੌਂਸਲਰ ਆਤਮਾ ਨਗਰ ਵਿਧਾਨ ਸਭਾ ਹਲਕੇ ਤੋਂ ਹਨ। ਅਜਿਹੇ ‘ਚ ਬੈਂਸ ਭਰਾਵਾਂ ਲਈ ਇਹ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਨ੍ਹਾਂ ਤਿੰਨਾਂ ਕੌਂਸਲਰਾਂ ਦੇ ਸ਼ਾਮਲ ਹੋਣ ਨਾਲ ਮੇਅਰ ਦੇ ਅਹੁਦੇ ’ਤੇ ਆਮ ਆਦਮੀ ਪਾਰਟੀ ਦਾ ਦਾਅਵਾ ਮਜ਼ਬੂਤ ਹੋ ਗਿਆ ਹੈ।
ਦੇਰ ਰਾਤ ਆਮ ਆਦਮੀ ਪਾਰਟੀ ਦੇ ਸੂਬਾ ਸਕੱਤਰ ਤੇ ਮਾਰਕਫੈੱਡ ਦੇ ਚੇਅਰਮੈਨ ਅਮਨਦੀਪ ਸਿੰਘ ਮੋਹੀ ਨੇ ਦੱਸਿਆ ਕਿ ਇਨ੍ਹਾਂ ਕੌਂਸਲਰਾਂ ਦੀ ਸ਼ਮੂਲੀਅਤ ਲੁਧਿਆਣਾ ਵਿਚ ਹੋਈ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਹੁਣ ਬਹੁਮਤ ਹੈ। ਇਸ ਲਈ ਆਮ ਆਦਮੀ ਪਾਰਟੀ ਆਪਣਾ ਮੇਅਰ ਬਣਾਏਗੀ।