ਲੁਧਿਆਣਾ : ਪਤਨੀ ਜੇਲ੍ਹ ‘ਚ, ਪਤੀ ਆਪਣੀਆਂ ਹੀ ਨਾਬਾਲਿਗ ਧੀਆਂ ਨਾਲ ਕਰਦਾ ਰਿਹਾ ਬਲਾਤਕਾਰ

0
828

ਲੁਧਿਆਣਾ: ਖੰਨਾ ਪੁਲਿਸ ਨੇ ਬੁੱਧਵਾਰ 28 ਸਤੰਬਰ ਨੂੰ ਇੱਕ ਵਿਅਕਤੀ ਨੂੰ ਆਪਣੀਆਂ 10 ਤੇ 15 ਸਾਲ ਦੀਆਂ ਦੋ ਧੀਆਂ ਨਾਲ ਬਲਾਤਕਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਪਤਾ ਲੱਗਿਆ ਹੈ ਕਿ ਮੁਲਜ਼ਮ ਦੀ ਪਤਨੀ ਦੋ ਮਹੀਨੇ ਪਹਿਲਾਂ ਵਾਪਰੇ ਇੱਕ ਚੋਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਹੋਣ ਮਗਰੋਂ ਲੁਧਿਆਣਾ ਜੇਲ੍ਹ ਵਿੱਚ ਬੰਦ ਹੈ। ਮੁਲਜ਼ਮ ਆਪਣੀਆਂ ਦੋ ਬੇਟੀਆਂ ਅਤੇ 6 ਸਾਲ ਦੇ ਬੇਟੇ ਨਾਲ ਰਹਿੰਦਾ ਰਿਹਾ ਹੈ। 

ਉਸੇ ਹੀ ਇਮਾਰਤ ‘ਚ ਰਹਿਣ ਵਾਲੀ ਇਕ ਔਰਤ ਨੇ ਦੋਸ਼ ਲਾਇਆ ਕਿ 4 ਸਤੰਬਰ ਦੀ ਸ਼ਾਮ 7.30 ਵਜੇ ਦੇ ਕਰੀਬ ਉਸ ਨੇ ਦੋਸ਼ੀ ਨੂੰ ਆਪਣੀ ਵੱਡੀ ਧੀ ਨਾਲ ਬਲਾਤਕਾਰ ਕਰਦੇ ਦੇਖਿਆ, ਜੋ ਕਿ ਰੋਂਦੀ ਹੋਈ ਆਪਣੇ ਪਿਓ ਦੀ ਇਸ ਹਰਕਤ ਦਾ ਵਿਰੋਧ ਕਰ ਰਹੀ ਸੀ। ਔਰਤ ਨੇ ਦੱਸਿਆ ਕਿ ਉਸ ਨੇ 5 ਸਤੰਬਰ ਨੂੰ ਦੋਸ਼ੀ ਨੂੰ ਆਪਣੀ ਧੀ ਨਾਲ ਮੁੜ ਬਲਾਤਕਾਰ ਕਰਦੇ ਦੇਖਿਆ, ਅਤੇ ਮੁਲਜ਼ਮ ਬੱਚੀ ਨੂੰ ਧਮਕੀ ਵੀ ਦੇ ਰਿਹਾ ਸੀ ਕਿ ਉਹ ਇਸ ਬਾਰੇ ਕਿਸੇ ਨੂੰ ਨਾ ਦੱਸੇ। 

ਗੁਆਂਢੀ ਔਰਤ ਨੇ ਦਾਅਵਾ ਕੀਤਾ ਕਿ ਜਦੋਂ ਉਸ ਨੇ ਬਲਾਤਕਾਰ ਪੀੜਤਾ ਨਾਲ ਗੱਲ ਕੀਤੀ ਤਾਂ ਉਸ ਨੇ ਆਪਣੇ ਪਿਤਾ ਵੱਲੋਂ ਅਨੇਕਾਂ ਵਾਰ ਬਲਾਤਕਾਰ ਕਰਨ ਦਾ ਸਾਰਾ ਘਟਨਾਕ੍ਰਮ ਬਿਆਨ ਕੀਤਾ। ਪੀੜਤਾ ਦੀ ਛੋਟੀ ਭੈਣ ਅਤੇ ਮੁਲਜ਼ਮ ਦੀ ਛੋਟੀ ਧੀ ਨੇ ਇਹ ਵੀ ਦਾਅਵਾ ਕੀਤਾ ਕਿ ਮੁਲਜ਼ਮ ਨੇ ਉਸ ਨਾਲ ਵੀ ਬਲਾਤਕਾਰ ਕੀਤਾ ਹੈ। ਇਸ ਤੋਂ ਬਾਅਦ ਗੁਆਂਢੀ ਔਰਤ ਨੇ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਦਿੱਤੀ।

ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਆਈਪੀਸੀ ਦੀ ਧਾਰਾ 376 (ਬਲਾਤਕਾਰ), 506 (ਅਪਰਾਧਿਕ ਧਮਕੀ) ਅਤੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ, ਅਤੇ ਅਗਲੀਆਂ ਕਨੂੰਨੀ ਕਾਰਵਾਈਆਂ ਅਮਲ ਹੇਠ ਲਿਆਂਦੀਆਂ ਜਾ ਰਹੀਆਂ ਹਨ