ਲੁਧਿਆਣਾ : ਸਾਬਕਾ ਵਿਧਾਇਕ ਵੈਦ ਦੇ ਘਰ ਵਿਜੀਲੈਂਸ ਟੀਮ ਦੀ ਛਾਪੇਮਾਰੀ, ਆਮਦਨ ਤੋਂ ਵੱਧ ਜਾਇਦਾਦ ਦਾ ਮਾਮਲਾ

0
147

ਲੁਧਿਆਣਾ | ਪੰਜਾਬ ਦੇ ਲੁਧਿਆਣਾ ‘ਚ ਵਿਜੀਲੈਂਸ ਦੀ ਟੀਮ ਨੇ ਵੇਅਰ ਹਾਊਸ ਦੇ ਸਾਬਕਾ ਚੇਅਰਮੈਨ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਦੇ ਘਰ ਛਾਪਾ ਮਾਰਿਆ ਹੈ। ਦੱਸਿਆ ਜਾ ਰਿਹਾ ਹੈ ਕਿ ਵੈਦ ਨੇ ਆਮਦਨ ਤੋਂ ਵੱਧ ਜਾਇਦਾਦ ਬਣਾਈ ਹੋਈ ਹੈ। ਇਸ ਤਹਿਤ ਵਿਜੀਲੈਂਸ ਅਧਿਕਾਰੀ ਪਿਛਲੇ ਕਈ ਮਹੀਨਿਆਂ ਤੋਂ ਵੈਦ ‘ਤੇ ਲਗਾਤਾਰ ਨਜ਼ਰ ਰੱਖ ਰਹੇ ਸਨ। ਜਿਸ ‘ਤੋਂ ਬਾਅਦ ਅੱਜ ਵਿਜੀਲੈਂਸ ਨੇ ਉਨ੍ਹਾਂ ਦੇ ਸਰਾਭਾ ਨਗਰ ਸਥਿਤ ਰਿਹਾਇਸ਼ ‘ਤੇ ਛਾਪਾ ਮਾਰਿਆ ਹੈ।

ਵਿਜੀਲੈਂਸ ਅਧਿਕਾਰੀਆਂ ਨੇ ਠੋਸ ਸੂਚਨਾ ਮਿਲਣ ਤੋਂ ਬਾਅਦ ਹੀ ਅੱਜ ਵੈਦ ਦੇ ਘਰ ਛਾਪਾ ਮਾਰਿਆ। ਅਧਿਕਾਰੀਆਂ ਨੇ ਅਜੇ ਤੱਕ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਹੈ, ਪਰ ਦੱਸਿਆ ਜਾ ਰਿਹਾ ਹੈ ਕਿ ਵਿਜੀਲੈਂਸ ਅਧਿਕਾਰੀ ਜਾਇਦਾਦ ਦੇ ਕਾਗਜ਼ਾਤ ਆਦਿ ਦੀ ਜਾਂਚ ਕਰ ਰਹੇ ਹਨ। ਇਸ ਦੇ ਨਾਲ ਹੀ ਅਧਿਕਾਰੀ ਕੁਝ ਬੈਂਕ ਖਾਤਿਆਂ ‘ਤੇ ਵੀ ਨਜ਼ਰ ਰੱਖ ਰਹੇ ਹਨ। ਫਿਲਹਾਲ ਵਿਜੀਲੈਂਸ ਅਧਿਕਾਰੀ ਜਾਂਚ ‘ਚ ਲੱਗੇ ਹੋਏ ਹਨ।

ਦੱਸ ਦਈਏ ਕਿ ਕੁਲਦੀਪ ਵੈਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕਾਫੀ ਕਰੀਬੀ ਹਨ। ਸੂਤਰਾਂ ਅਨੁਸਾਰ ਵਿਜੀਲੈਂਸ ਨੇ ਚਰਨਜੀਤ ਚੰਨੀ ਲਈ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ, ਉਦੋਂ ਤੋਂ ਹੀ ਵਿਜੀਲੈਂਸ ਨੂੰ ਕਈ ਸੁਰਾਗ ਮਿਲੇ ਹਨ। ਉਸ ਤੋਂ ਬਾਅਦ ਹੀ ਅੱਜ ਵੈਦ ਦੇ ਘਰ ਛਾਪਾ ਮਾਰਿਆ ਗਿਆ। ਕੁਲਦੀਪ ਵੈਦ ਇਸ ਤੋਂ ਪਹਿਲਾਂ ਮਹਾਂਨਗਰ ਵਿੱਚ ਵਧੀਕ ਡਿਪਟੀ ਕਮਿਸ਼ਨਰ ਵੀ ਰਹਿ ਚੁੱਕੇ ਹਨ।