ਲੁਧਿਆਣਾ : ਕਾਲਜ ‘ਚੋਂ ਡਿਗਰੀ ਲੈਣ ਗਈ ਵਿਦਿਆਰਥਣ 21 ਦਿਨਾਂ ਤੋਂ ਨਹੀਂ ਪਰਤੀ ਘਰ, ਮਾਪਿਆਂ ਦਾ ਰੋ-ਰੋ ਬੁਰਾ ਹਾਲ

0
778

ਲੁਧਿਆਣਾ | ਡਿਗਰੀ ਲੈਣ ਕਾਲਜ ਗਈ 20 ਸਾਲ ਦੀ ਮੁਟਿਆਰ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਗਈ । ਘਟਨਾ ਦੇ 21 ਦਿਨ ਬੀਤਣ ਦੇ ਬਾਵਜੂਦ ਵਿਦਿਆਰਥਣ ਸਬੰਧੀ ਕੋਈ ਸੁਰਾਗ ਨਹੀਂ ਮਿਲਿਆ । ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਦੀ ਪੁਲਿਸ ਨੇ ਲੜਕੀ ਦੇ ਪਿਤਾ ਦੇ ਬਿਆਨਾਂ ‘ਤੇ ਅਣਪਛਾਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ ।

ਲੜਕੀ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਹੈ । 9 ਜਨਵਰੀ ਦੀ ਸਵੇਰ ਨੂੰ ਉਹ ਕਾਲਜ ਵਿਚ ਆਪਣੀ ਬੈਚਲਰ ਡਿਗਰੀ ਹਾਸਲ ਕਰਨ ਗਈ । ਦੇਰ ਸ਼ਾਮ ਤਕ ਜਦੋਂ ਉਹ ਘਰ ਵਾਪਸ ਨਾ ਆਈ ਤਾਂ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ ਪਰ ਕੋਈ ਸੂਚਨਾ ਨਹੀਂ ਮਿਲੀ।

ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸ਼ੱਕ ਹੈ ਕਿ ਉਸ ਨੂੰ ਕਿਸੇ ਨੇ ਅਗਵਾ ਕਰ ਕੇ ਰੱਖਿਆ ਹੈ । ਥਾਣਾ ਸਦਰ ਦੀ ਪੁਲਿਸ ਨੇ ਅਣਪਛਾਤੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ ।