ਲੁਧਿਆਣਾ : ਨਾਬਾਲਿਗ ਧੀ ਨਾਲ ਮਤਰੇਆ ਪਿਓ ਕਰਦਾ ਰਿਹਾ ਅਸ਼ਲੀਲ ਹਰਕਤਾਂ, ਇੰਝ ਖੁੱਲ੍ਹਿਆ ਭੇਦ

0
511

ਲੁਧਿਆਣਾ, 30 ਸਤੰਬਰ | ਇਥੋਂ ਇਕ ਸ਼ਰਮਨਾਕ ਖਬਰ ਸਾਹਮਣੇ ਆਈ ਹੈ। ਮਤਰੇਏ ਪਿਤਾ ਵੱਲੋਂ ਆਪਣੀ 14 ਸਾਲ ਦੀ ਧੀ ਨਾਲ ਲੰਬੇ ਸਮੇਂ ਤੋਂ ਅਸ਼ਲੀਲ ਹਰਕਤਾਂ ਕਰਨ ਦੇ ਸ਼ਰਮਨਾਕ ਮਾਮਲੇ ਦਾ ਖੁਲਾਸਾ ਹੋਇਆ ਹੈ। ਸਕੂਲ ਅਧਿਆਪਕਾ ਨੇ ਜਦੋਂ ਲੜਕੀ ਨੂੰ ਪਰੇਸ਼ਾਨ ਰਹਿਣ ਦਾ ਕਾਰਨ ਪੁੱਛਿਆ ਤਾਂ ਉਸ ਦੇ ਸਬਰ ਦਾ ਬੰਨ੍ਹ ਟੁੱਟ ਗਿਆ। ਵਿਦਿਆਰਥਣ ਨੇ ਅਧਿਆਪਕਾ ਨੂੰ ਆਪਣੇ ਉੱਪਰ ਹਰ ਰਾਤ ਹੋਣ ਵਾਲੇ ਦਿਮਾਗ਼ੀ ਤੇ ਸਰੀਰਕ ਤਸ਼ੱਦਦ ਬਾਰੇ ਦੱਸਿਆ। ਮਾਮਲਾ ਉਜਾਗਰ ਹੁੰਦੇ ਹੀ ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਲੜਕੀ ਦੇ ਮਤਰੇਏ ਪਿਤਾ ਦੇਵਰਾਜ ਖਿਲਾਫ ਸੰਗੀਨ ਧਾਰਾਵਾਂ ਤਹਿਤ ਮੁਕਦਮਾ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੀ ਮਾਂ ਨੇ ਦੱਸਿਆ ਕਿ 4 ਸਾਲ ਪਹਿਲਾਂ ਉਸਦਾ ਦੂਸਰਾ ਵਿਆਹ ਦੇਵਰਾਜ ਨਾਲ ਹੋਇਆ ਸੀ। ਔਰਤ ਆਪਣੀ 10 ਸਾਲ ਦੀ ਬੇਟੀ ਨਾਲ ਆਪਣੇ ਦੂਸਰੇ ਪਤੀ ਦੇਵਰਾਜ ਕੋਲ ਰਹਿ ਰਹੀ ਸੀ। ਔਰਤ ਨੇ ਸ਼ਿਕਾਇਤ ‘ਚ ਦੱਸਿਆ ਕਿ ਦੇਵਰਾਜ ਵਿਆਹ ਤੋਂ 2 ਸਾਲ ਬਾਅਦ ਉਸਦੀ ਬੇਟੀ ‘ਤੇ ਮਾੜੀ ਨਜ਼ਰ ਰੱਖਣ ਲੱਗ ਪਿਆ। ਪਿਛਲੇ ਲੰਮੇ ਸਮੇਂ ਤੋਂ ਉਹ ਰਾਤ ਵੇਲੇ ਬੱਚੀ ਦੇ ਕੋਲ ਜਾ ਕੇ ਉਸ ਨਾਲ ਅਸ਼ਲੀਲ ਹਰਕਤਾਂ ਕਰਦਾ ਸੀ।

ਇਕ ਦਿਨ ਔਰਤ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਫੜ ਲਿਆ ਪਰ ਸ਼ਰਮਸਾਰ ਹੋਣ ਦੀ ਬਜਾਏ ਉਸਨੇ ਆਪਣੀ ਪਤਨੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਮੁਲਜ਼ਮ ਮਾਂ ਬੇਟੀ ਨੂੰ ਬੁਰੀ ਤਰ੍ਹਾਂ ਡਰਾਉਂਦਾ ਸੀ। ਮਾਂ-ਬੇਟੀਆਂ ਨੇ ਡਰ ਦੇ ਮਾਰੇ ਇਸ ਸਬੰਧੀ ਕਿਸੇ ਨੂੰ ਕੁਝ ਨਾ ਦੱਸਿਆ। 9ਵੀਂ ਜਮਾਤ ‘ਚ ਪੜ੍ਹਨ ਵਾਲੀ ਲੜਕੀ ਨੂੰ ਇਕ ਦਿਨ ਜਦੋਂ ਉਸਦੀ ਟੀਚਰ ਨੇ ਬੜੇ ਹੀ ਪਿਆਰ ਨਾਲ ਉਦਾਸੀ ਦਾ ਕਾਰਨ ਪੁੱਛਿਆ ਤਾਂ ਉਸਦੇ ਸਬਰ ਦਾ ਬੰਨ੍ਹ ਟੁੱਟ ਗਿਆ। ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਹਿਰਾਸਤ ‘ਚ ਲੈ ਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਕੀਤੀ ਜਾ ਰਹੀ ਹੈ।