ਲੁਧਿਆਣਾ : ਪੁੱਤ ਪਿੰਡ ਦੀ ਵਿਆਹੁਤਾ ਲੈ ਕੇ ਭੱਜਾ, ਪਿੰਡ ਦੀ ਪੰਚਾਇਤ ਨੇ ਮਾਪਿਆਂ ਦਾ ਬਾਈਕਾਟ ਕਰਨ ਦੇ ਨਾਲ ਦਾਣਾ-ਪਾਣੀ ਵੀ ਕੀਤਾ ਬੰਦ

0
8064

ਲੁਧਿਆਣਾ।  ਲੁਧਿਆਣਾ ਵਿਚ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਪੁੱਤ ਦੇ ਕੀਤੇ ਦੀ ਸਜਾ ਉਸਦੇ ਮਾਪਿਆਂ ਨੂੰ ਭੁਗਤਣੀ ਪੈ ਰਹੀ ਹੈ। ਪੰਚਾਇਤ ਨੇ ਉਨ੍ਹਾਂ ਦਾ ਦਾਣਾ-ਪਾਣੀ ਬੰਦ ਕਰ ਦਿੱਤਾ ਹੈ। ਖਾਪ ਪੰਚਾਇਤ ਦੀ ਤਰਜ ‘ਤੇ ਲਏ ਗਏ ਇਸ ਫੈਸਲੇ ਕਾਰਨ ਪੀੜਤ ਪਰਿਵਾਰ ਕਾਫੀ ਸਦਮੇ ਵਿਚ ਹੈ। ਮਾਮਲਾ ਚਰਚਾ ਵਿਚ ਆਉਣ ਤੋਂ ਬਾਅਦ ਹੁਣ ਅਫਸਰਸ਼ਾਹੀ ਜਾਗੀ ਹੈ ਤੇ ਇਸ ਤੁਗਲਕੀ ਫਰਮਾਨ ਸੁਣਾਉਣ ਵਾਲੀ ਪੰਚਾਇਤ ਖਿਲਾਫ ਕਾਰਵਾਈ ਦੀ ਗੱਲ ਕਹੀ ਜਾ ਰਹੀ ਹੈ।

ਮਾਮਲਾ ਲੁਧਿਆਣਾ ਦੀ ਤਹਿਸੀਲ ਰਾਏਕੋਟ ਦੇ ਪਿੰਡ ਜੌਹਲਾਂ ਦਾ ਹੈ। ਪਿੰਡ ਦੇ ਕਿਸਾਨ ਹਰਜੀਤ ਸਿੰਘ ਦਾ ਬੇਟਾ ਸੁਖਦੀਪ ਇਕ ਜੁਲਾਈ ਤੋਂ ਗਾਇਬ ਹੈ। ਦੋਸ਼ ਹੈ ਕਿ ਉਹ ਪਿੰਡ ਦੀ ਇਕ ਵਿਆਹੁਤਾ ਮਹਿਲਾ ਨੂੰ ਭਜਾ ਕੇ ਲੈ ਗਿਆ ਹੈ। ਮਾਮਲੇ ਵਿਚ 6 ਜੁਲਾਈ ਨੂੰ ਪੰਚਾਇਤ ਬੈਠੀ ਤੇ ਪੁੱਤ ਦੇ ਗੁਨਾਹ ਦੀ ਸਜਾ ਉਸਦੇ ਮਾਤਾ-ਪਿਤਾ ਨੂੰ ਸੁਣਾ ਦਿੱਤੀ ਗਈ।

ਪੰਚਾਇਤ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਸਥਾਨਕ ਇਕਾਈ ਨੇ ਮਿਲ ਕੇ ਪਰਿਵਾਰ ਦੇ ਸਮਾਜਿਕ ਬਾਈਕਾਟ ਦਾ ਐਲਾਨ ਕੀਤਾ ਹੈ। ਇਸਦੇ ਤਹਿਤ 15 ਪ੍ਰਸਤਾਵ ਪਾਸ ਕੀਤੇ ਗਏ ਹਨ। ਜਿਨ੍ਹਾਂ ਵਿਚ ਪਰਿਵਾਰ ਦਾ ਹੁੱਕਾ-ਪਾਣੀ ਬੰਦ ਕਰਨ ਦੇ ਨਾਲ-ਨਾਲ ਕਰਿਆਨਾ ਦੀ ਦੁਕਾਨ ਤੋਂ ਰਾਸ਼ਨ ਲੈਣ, ਡੇਅਰੀ ਵਿਚ ਦੁੱਧ ਵੇਚਣ, ਸਿਹਤ ਕੇਂਦਰ ਤੋਂ ਇਲਾਜ ਕਰਵਾਉਣ ਤੱਕ ਦੀ ਮਨਾਹੀ ਕਰ ਦਿੱਤੀ ਗਈ ਹੈ।

ਪਿੰਡ ਦੇ ਚਾਰੇ ਗੁਰਦੁਆਰਿਆਂ ਤੋਂ ਲਾਊਡ ਸਪੀਕਰ ਰਾਹੀਂ ਇਸਦਾ ਐਲਾਨ ਕਰ ਦਿੱਤਾ ਗਿਆ ਹੈ ਤੇ ਚੇਤਾਵਨੀ ਵੀ ਜਾਰੀ ਕੀਤੀ ਗਈ ਹੈ ਕਿ ਪਿੰਡ ਦਾ ਕੋਈ ਵੀ ਵਿਅਕਤੀ ਇਸ ਪਰਿਵਾਰ ਨਾਲ ਸਬੰਧ ਰੱਖੇਗਾ ਤਾਂ ਉਸ ਤੋਂ 50 ਹਜਾਰ ਰੁਪਏ ਜੁਰਮਾਨਾ ਵਸੂਲਿਆ ਜਾਵੇਗਾ। ਇਸਦੇ ਖਿਲਾਫ ਪੀੜਤ ਪਰਿਵਾਰ ਨੇ ਕਾਫੀ ਦੁਹਾਈ ਦਿੱਤੀ, ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਪੰਚਾਇਤ ਤੇ ਕਿਸਾਨ ਯੂਨੀਅਨ ਦੇ ਇਸ ਫੈਸਲੇ ਖਿਲਾਫ ਸਰਪੰਚ ਰਣਜੀਤ ਕੌਰ ਤੇ ਕਿਸਾਨ ਨੇਤਾ ਬਲਜਿੰਦਰ ਸਿੰਘ ਸਣੇ 50 ਲੋਕਾਂ ਦੇ ਦਸਤਖਤ ਹਨ।

ਲੁਧਿਆਣਾ ਦੇ ਡੀਸੀ ਸੁਰਭੀ ਮਲਿਕ ਨੇ ਮਾਮਲੇ ਨੂੰ ਕਾਫੀ ਗੰਭੀਰ ਮੰਨਦੇ ਹੋਏ ਦੱਸਿਆ ਕਿ ਦੋਸ਼ੀਆਂ ਉਤੇ ਸਖਤ ਕਾਰਵਾਈ ਕੀਤੀ ਜਾਵੇਗੀ। ਡੀਡਪੀਓ ਤੇ ਐੱਸਡੀਐੱਮ ਨੂੰ ਤੁਰੰਤ ਜਾਂਚ ਦੇ ਹੁਕਮ ਦਿੱਤੇ ਹਨ। ਪੀੜਤ ਪਰਿਵਾਰ ਨੂੰ ਇਨਸਾਫ ਮਿਲੇਗਾ।

ਪ੍ਰਸ਼ਾਸਨ ਵਲੋਂ ਇਸ ਮਾਮਲੇ ਤੇ ਪੰਚਾਇਤ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਮਹਿਲਾ ਸਰਪੰਚ ਦੇ ਪਤੀ ਦਾ ਕਹਿਣਾ ਹੈ ਕਿ ਕਿਸਾਨ ਨੇਤਾ ਉਨ੍ਹਾਂ ਕੋਲੋਂ ਸਰਪੰਚ ਦਾ ਲੈਟਰ ਹੈੱਡ ਲੈ ਗਏ ਸਨ ਤੇ ਉਸ ਉਤੇ ਇਹ ਪ੍ਰਸਤਾਵ ਪਾ ਕੇ ਲੈ ਆਏ। ਦਬਾਅ ਵਿਚ ਆ ਕੇ ਉਨ੍ਹਾਂ ਦੀ ਸਰਪੰਚ ਪਤਨੀ ਨੇ ਦਸਤਖਤ ਕਰ ਦਿੱਤੇ। ਉਨ੍ਹਾਂ ਕੋਲੋਂ ਗਲਤੀ ਹੋ ਗਈ।