ਲੁਧਿਆਣਾ : ਨਾਬਾਲਗ ਬੱਚੀ ਨੂੰ ਡਰਾ-ਧਮਕਾ ਕੇ ਵਿਅਕਤੀ ਬਣਾਉਂਦਾ ਰਿਹਾ ਹਵਸ ਦਾ ਸ਼ਿਕਾਰ, ਗੁਆਂਢਣ ‘ਤੇ ਲੱਗੇ ਮੁਲਜ਼ਮ ਦੀ ਮਦਦ ਦੇ ਦੋਸ਼

0
852

ਲੁਧਿਆਣਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਕਸਬਾ ਸੁਧਾਰ ‘ਚ ਨਾਬਾਲਗ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਜਦੋਂ ਨਾਬਾਲਗ ਦੇ ਪਰਿਵਾਰ ਨੇ ਮੁਲਜ਼ਮ ਦਾ ਵਿਰੋਧ ਕੀਤਾ ਤਾਂ ਪੀੜਤ ਲੜਕੀ ਦੇ ਪਰਿਵਾਰਕ ਮੈਂਬਰਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਘਰਾਂ ਵਿਚ ਸਫ਼ਾਈ ਦਾ ਕੰਮ ਕਰਦੀ ਹੈ। ਉਸਦਾ ਪਤੀ ਮਜ਼ਦੂਰੀ ਦਾ ਕੰਮ ਕਰਦਾ ਹੈ।

ਉਨ੍ਹਾਂ ਦੇ ਗੁਆਂਢ ਵਿਚ ਅਣਵਿਆਹੀ ਲੜਕੀ ਰਹਿੰਦੀ ਹੈ। ਉਸ ਦੀ ਮਾਤਾ ਦੀ ਮੌਤ ਹੋ ਚੁੱਕੀ ਹੈ ਅਤੇ ਪਿਤਾ ਦੁਬਈ ਵਿਚ ਕੰਮ ਕਰਦੇ ਹਨ। ਲੜਕੀ ਪਿਛਲੇ 3 ਮਹੀਨਿਆਂ ਤੋਂ ਘਰ ਵਿਚ ਇਕੱਲੀ ਰਹਿੰਦੀ ਹੈ। ਪੀੜਤਾ ਦੀ ਮਾਂ ਨੇ ਦੱਸਿਆ ਕਿ ਗੁਆਂਢਣ ਘਰ ‘ਚ ਇਕੱਲੀ ਹੀ ਸੌਂਦੀ ਸੀ। ਇਸ ਕਾਰਨ ਉਹ ਆਪਣੀ 16 ਸਾਲ ਦੀ ਧੀ ਨੂੰ ਉਸ ਦੇ ਘਰ ਸੌਣ ਲਈ ਭੇਜਦੇ ਸੀ। ਉਸ ਦੀ ਲੜਕੀ ਸਵੇਰੇ 7 ਵਜੇ ਘਰ ਵਾਪਸ ਆਉਂਦੀ ਸੀ।

ਕੁਝ ਦਿਨਾਂ ਤੋਂ ਬੇਟੀ ਬਹੁਤ ਪਰੇਸ਼ਾਨ ਅਤੇ ਡਰੀ ਸੀ। ਪਰਿਵਾਰ ਅਨੁਸਾਰ 24 ਮਾਰਚ ਨੂੰ ਜਦੋਂ ਉਨ੍ਹਾਂ ਨੇ ਬੇਟੀ ਨੂੰ ਇਸ ਤਰ੍ਹਾਂ ਡਰੇ ਹੋਣ ਬਾਰੇ ਪੁੱਛਿਆ ਤਾਂ ਉਹ ਰੋਣ ਲੱਗ ਪਈ। ਲੜਕੀ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਕਿ ਰਾਜਕਮਲ ਸਿੰਘ ਉਰਫ ਹਨੀ ਵਾਸੀ ਪੱਖੋਵਾਲ ਪਿਛਲੇ ਤਿੰਨ ਮਹੀਨਿਆਂ ਤੋਂ ਰਾਤ ਨੂੰ ਗੁਆਂਢਣ ਕੋਲ ਆਉਂਦਾ ਹੈ।

ਉਸ ਦੀ ਸਹਿਮਤੀ ਨਾਲ ਉਸ ਦੇ ਘਰ ਦਾਖਲ ਹੋ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾਏ। ਕਿਸ਼ੋਰੀ ਅਨੁਸਾਰ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਇਸ ਕਾਰਨ ਉਹ 3 ਮਹੀਨਿਆਂ ਤੋਂ ਚੁੱਪ ਰਹੀ।

24 ਮਾਰਚ ਦੀ ਸ਼ਾਮ ਨੂੰ ਜਦੋਂ ਪੀੜਤਾ ਦੀ ਮਾਂ, ਮਾਸੀ ਅਤੇ ਦਾਦਾ ਸ਼ਿਕਾਇਤ ਕਰਨ ਲਈ ਦੋਸ਼ੀ ਰਾਜਕਮਲ ਦੇ ਘਰ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਰਸਤੇ ‘ਚ ਰਾਜਕਮਲ ਮਿਲ ਗਿਆ। ਮੁਲਜ਼ਮਾਂ ਨੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪੀੜਤਾ ਦੇ ਦਾਦੇ ਦੀ ਪੱਗ ਲਾਹ ਦਿੱਤੀ ਅਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਥਾਣਾ ਸੁਧਾਰ ਦੀ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।