ਲੁਧਿਆਣਾ : ਹੋਟਲ ਦੇ ਮੈਨੇਜ਼ਰ ਨੇ ਬਹਾਦਰੀ ਨਾਲ ਬਦਮਾਸ਼ਾਂ ਦੀ ਲੁੱਟ ਦੀ ਕੋਸ਼ਿਸ਼ ਕੀਤੀ ਨਾਕਾਮ

0
420

ਲੁਧਿਆਣਾ | ਕਿਤਾਬ ਬਾਜ਼ਾਰ ਨੇੜੇ ਦੋ ਨਕਾਬਪੋਸ਼ ਬਦਮਾਸ਼ਾਂ ਨੇ ਹੋਟਲ ਮਲੂਕ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ। ਮੁਲਜ਼ਮ ਦਾ ਇੱਕ ਸਾਥੀ ਬਾਈਕ ਸਟਾਰਟ ਕਰ ਕੇ ਹੋਟਲ ਦੇ ਬਾਹਰ ਖੜ੍ਹਾ ਸੀ। ਬਦਮਾਸ਼ਾਂ ਨੇ ਮੈਨੇਜਰ ‘ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਬਦਮਾਸ਼ਾਂ ਨੇ ਮੈਨੇਜਰ ਤੋਂ ਗੇਟ ਦੀ ਚਾਬੀ ਮੰਗੀ।

ਪਿਸਤੌਲ ਦਿਖਾ ਕੇ ਧਮਕੀਆਂ ਦਿੱਤੀਆਂ। ਮੈਨੇਜਰ ਨੇ ਬਹਾਦਰੀ ਦਿਖਾਉਂਦੇ ਹੋਏ ਬਦਮਾਸ਼ਾਂ ਨੂੰ ਚਾਬੀਆਂ ਨਾ ਦਿੱਤੀਆਂ ਅਤੇ ਰੌਲਾ ਪਾਇਆ। ਹੰਗਾਮਾ ਹੁੰਦਾ ਦੇਖ ਦੋਵੇਂ ਬਦਮਾਸ਼ ਹੋਟਲ ਤੋਂ ਬਾਹਰ ਆ ਗਏ ਅਤੇ ਆਪਣੇ ਸਾਥੀ ਸਮੇਤ ਬਾਈਕ ‘ਤੇ ਫਰਾਰ ਹੋ ਗਏ। ਇਸ ਦੌਰਾਨ ਹੋਟਲ ਸਟਾਫ ਨੇ ਵੀ ਬਦਮਾਸ਼ਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਆਸ-ਪਾਸ ਦੇ ਕਈ ਹੋਰ ਹੋਟਲ ਮਾਲਕ ਅਤੇ ਕਰਮਚਾਰੀ ਦਹਿਸ਼ਤ ਵਿਚ ਹਨ।

ਮੈਨੇਜਰ ਅਮਨ ਨੇ ਤੁਰੰਤ ਪੁਲਿਸ ਅਤੇ ਹੋਟਲ ਦੇ ਮਾਲਕ ਨੂੰ ਸੂਚਨਾ ਦਿੱਤੀ। ਹੋਟਲ ਮਾਲਕ ਜਤਿੰਦਰਾ ਨੇ ਦੱਸਿਆ ਕਿ ਅੱਜ ਮੈਨੇਜਰ ਅਮਨ ਦੀ ਬਹਾਦਰੀ ਸਦਕਾ ਲੁੱਟ ਦੀ ਘਟਨਾ ਨੂੰ ਟਾਲਿਆ ਗਿਆ। ਥਾਣਾ ਕੋਤਵਾਲੀ ਦੀ ਪੁਲਿਸ ਘਟਨਾ ਵਾਲੀ ਥਾਂ ’ਤੇ ਪੁੱਜ ਗਈ। ਪੁਲਿਸ ਨੇ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।