ਲੁਧਿਆਣਾ | ਇਥੋਂ ਇਕ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਣਯੋਗ ਹੈ ਕਿ ਗਾਰਮੈਂਟ ਫੈਕਟਰੀ ‘ਚੋਂ ਕੱਪੜੇ ਦੇ ਥਾਨ ਚੋਰੀ ਕਰਨ ਅਤੇ ਖਰੀਦਣ ਵਾਲੇ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ। ਸਾਜ਼ਿਸ਼ਕਰਤਾ ਕੋਈ ਹੋਰ ਨਹੀਂ ਬਲਕਿ ਫੈਕਟਰੀ ਦਾ ਕਟਿੰਗ ਇੰਚਾਰਜ ਹੀ ਸੀ। ਮੁਲਜ਼ਮ ਸਾਥੀਆਂ ਨਾਲ ਮਿਲ ਕੇ ਡਾਇਰੈਕਟਰੀ ਵਿਚ ਲੰਮੇ ਸਮੇਂ ਤੋਂ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਿਹਾ ਸੀ।
ਪੁਲਿਸ ਮੁਤਾਬਕ ਗ੍ਰਿਫਤਾਰ ਕੀਤੇ ਮੁਲਜ਼ਮਾਂ ਦੀ ਪਛਾਣ ਫੈਕਟਰੀ ਦੇ ਕਟਿੰਗ ਇੰਚਾਰਜ ਭਗਵਾਨ ਨਗਰ ਦੇ ਵਾਸੀ ਰਵਿੰਦਰ ਸਿੰਘ, ਗੁਰੂ ਗੋਬਿੰਦ ਸਿੰਘ ਨਗਰ ਦੇ ਪਰਮਪ੍ਰੀਤ ਸਿੰਘ ਅਤੇ ਸ਼ੰਕਰ ਕਾਲੋਨੀ ਭਾਮੀਆਂ ਰੋਡ ਦੇ ਸ਼ੰਭੂ ਪਾਸਵਾਨ ਵਜੋਂ ਹੋਈ ਹੈ। ਮੁਲਜ਼ਮਾਂ ਦੇ ਕਬਜ਼ੇ ‘ਚੋਂ ਮਹਿੰਦਰਾ ਪਿਕਅਪ ਟੈਂਪੂ ਅਤੇ ਕੀਮਤੀ ਫੈਬਰੀਕਸ ਦੇ 44 ਰੋਲ ਬਰਾਮਦ ਕੀਤੇ ਹਨ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਮਨਸਿਮਰਨ ਸਿੰਘ ਨੇ ਦੱਸਿਆ ਕਿ ਰਵਿੰਦਰ ਸਿੰਘ ਉਨ੍ਹਾਂ ਕੋਲ ਜੁਲਾਈ 2001 ਤੋਂ ਬਤੌਰ ਕਟਿੰਗ ਇੰਚਾਰਜ ਨੌਕਰੀ ਕਰਦਾ ਹੈ। ਪਿਛਲੇ ਕੁਝ ਸਮੇਂ ਤੋਂ ਫੈਕਟਰੀ ‘ਚੋਂ ਮਾਲ ਲਗਾਤਾਰ ਘੱਟ ਰਿਹਾ ਸੀ। ਜਿੰਨਾ ਕੱਪੜਾ ਆ ਰਿਹਾ ਸੀ, ਉਸ ਹਿਸਾਬ ਨਾਲ ਟੀ-ਸ਼ਰਟਾਂ ਬਹੁਤ ਘੱਟ ਤਿਆਰ ਹੋ ਰਹੀਆਂ ਸਨ। ਜਾਂਚ ਕਰਨ ਲਈ ਜਦੋਂ ਮਨਸਿਮਰਨ ਸਿੰਘ ਨੇ ਫੈਕਟਰੀ ਮੁਲਾਜ਼ਮਾਂ ਦੀਆਂ ਹਰਕਤਾਂ ‘ਤੇ ਨਜ਼ਰ ਰੱਖਣੀ ਸ਼ੁਰੂ ਕੀਤੀ ਤਾਂ ਕਟਿੰਗ ਇੰਚਾਰਜ ਰਵਿੰਦਰ ਸਿੰਘ ਦਿਨ ਸਮੇਂ ਬੜੀ ਹੀ ਚਲਾਕੀ ਨਾਲ ਕੱਪੜੇ ਦੇ ਥਾਨ ਛੱਤ ‘ਤੇ ਚੜ੍ਹਾ ਕੇ ਪਿਛਲੀ ਗਲੀ ਵਿਚ ਸੁੱਟ ਦਿੰਦਾ ਸੀ।
ਰਾਤ ਵੇਲੇ ਉਹ ਮੁਲਜ਼ਮ ਪਰਮਪ੍ਰੀਤ ਸਿੰਘ ਨਾਲ ਮਿਲ ਕੇ ਥਾਨ ਟੈਂਪੂ ਵਿਚ ਲੋਡ ਕਰਕੇ ਸ਼ੰਭੂ ਪਾਸਵਾਨ ਨੂੰ ਸਸਤੇ ਭਾਅ ‘ਤੇ ਵੇਚ ਦਿੰਦਾ ਸੀ। ਇਸ ਮਾਮਲੇ ਸਬੰਧੀ ਫ਼ੈਕਟਰੀ ਮਾਲਕ ਨੇ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਨੂੰ ਸੂਚਨਾ ਦਿੱਤੀ। ਕਾਰਵਾਈ ਕਰਦਿਆਂ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਹਿਰਾਸਤ ਵਿਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਮੰਨਣਾ ਹੈ ਕਿ ਪੁੱਛਗਿੱਛ ਦੌਰਾਨ ਮੁਲਜ਼ਮ ਕੋਲੋਂ ਕਈ ਹੋਰ ਵੀ ਖੁਲਾਸੇ ਹੋ ਸਕਦੇ ਹਨ। ਤਫਤੀਸ਼ੀ ਅਫਸਰ ਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਇਹ ਮੁਕੱਦਮਾ ਫੈਕਟਰੀ ਮਾਲਕ ਸ਼ਹੀਦ ਕਰਨੈਲ ਸਿੰਘ ਨਗਰ ਪੱਖੋਵਾਲ ਰੋਡ ਦੇ ਬਾਅਦ ਮਨਸਿਮਰਨ ਸਿੰਘ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ।