ਲੁਧਿਆਣਾ | ਪੈਸਿਆਂ ਦੇ ਲਾਲਚ ਵਿਚ ਦੋਸਤੀ ਦੇ ਰਿਸ਼ਤੇ ਨੂੰ ਦਾਅ ‘ਤੇ ਲਾ ਦਿੱਤਾ ਗਿਆ ਤੇ ਫਾਇਨੈਂਸ ਦਾ ਕੰਮ ਕਰਨ ਵਾਲੇ ਵਿਅਕਤੀ ਨੇ ਮੁਕੇਸ਼ ਕੁਮਾਰ ਨਾਲ ਠੱਗੀ ਮਾਰ ਲਈ। ਭਰੋਸੇ ਦਾ ਨਾਜਾਇਜ਼ ਫਾਇਦਾ ਚੁੱਕ ਕੇ ਠੱਗੀ ਮਾਰਨ ਵਾਲੇ ਸੰਤ ਵਿਹਾਰ ਹੈਬੋਵਾਲ ਕਲਾਂ ਦੇ ਰਹਿਣ ਵਾਲੇ ਰੋਹਨ ਕੁਮਾਰ ਖ਼ਿਲਾਫ਼ ਥਾਣਾ ਹੈਬੋਵਾਲ ਪੁਲਿਸ ਨੇ ਧੋਖਾਦੇਹੀ ਤੇ ਆਈ.ਟੀ. ਐਕਟ ਅਧੀਨ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।
ਰੋਹਨ ਦੀ ਨੀਅਤ ਤੋਂ ਬੇਖ਼ਬਰ ਮੁਕੇਸ਼ ਨੇ ਉਸ ਨੂੰ ਆਪਣਾ ਫੋਨ ਦੇ ਦਿੱਤਾ। ਇਸ ਘਟਨਾ ਤੋਂ ਕੁਝ ਦਿਨ ਬਾਅਦ ਹੀ ਜਦੋਂ ਮੁਕੇਸ਼ ਦੇ ਮੋਬਾਇਲ ‘ਤੇ 63,189 ਰੁਪਏ ਲੋਨ ਪਾਸ ਹੋ ਜਾਣ ਦਾ ਮੈਸੇਜ ਆਇਆ ਤਾਂ ਪਤਾ ਲੱਗਾ ਕਿ ਉਸਨੂੰ ਕੋਈ ਜਾਣਕਾਰੀ ਹੀ ਨਹੀਂ ਸੀ। ਉਸਦੇ ਨਾਂ ‘ਤੇ ਲੋਨ ਪਾਸ ਹੋਇਆ ਤੇ ਕਰਜ਼ੇ ਦੀ ਇਹ ਰਕਮ ਮੁਲਜ਼ਮ ਰੋਹਨ ਦੇ ਘਰ ਦੇ ਪਤੇ ‘ਤੇ ਡਲਿਵਰ ਵੀ ਹੋ ਚੁੱਕੀ ਹੈ। ਉਕਤ ਮਾਮਲਾ ਬੀਤੇ ਵਰ੍ਹੇ ਅਪ੍ਰੈਲ ਮਹੀਨੇ ਪੁਲਿਸ ਦੇ ਅਧਿਕਾਰੀਆਂ ਦੇ ਧਿਆਨ ਵਿਚ ਲਿਆ ਕੇ ਸ਼ਿਕਾਇਤ ਦਿੱਤੀ। 8 ਮਹੀਨਿਆਂ ਦੀ ਲੰਬੀ ਪੜਤਾਲ ਮਗਰੋਂ ਥਾਣਾ ਹੈਬੋਵਾਲ ਪੁਲਿਸ ਨੇ ਮੁਲਜ਼ਮ ਖਿਲਾਫ ਠੱਗੀ ਮਾਰਨ ਦਾ ਪਰਚਾ ਦਰਜ ਕਰ ਲਿਆ ਹੈ।
ਠੱਗੀ ਦਾ ਸ਼ਿਕਾਰ ਹੋਏ ਜੋਸ਼ੀ ਨਗਰ ਵਾਸੀ ਮੁਕੇਸ਼ ਨੇ ਦੱਸਿਆ ਕਿ ਉਹ ਰੋਹਨ ਕੁਮਾਰ ਨੂੰ 15 ਸਾਲਾਂ ਤੋਂ ਜਾਣਦਾ ਹੈ। ਮੁਲਜ਼ਮ ਮੋਬਾਇਲ ਕੰਪਨੀ ਵਿਚ ਫਾਇਨੈਂਸ ਦਾ ਕੰਮ ਕਰਦਾ ਸੀ। ਕੁਝ ਸਮਾਂ ਪਹਿਲਾਂ ਮੁਕੇਸ਼ ਨੇ ਰੋਹਨ ਕੁਮਾਰ ਕੋਲੋਂ ਇਕ ਫੋਨ ਫਾਇਨੈਂਸ ਕਰਵਾਇਆ ਸੀ। ਇਕ ਦਿਨ ਮੁਲਜ਼ਮ ਨੇ ਫਾਇਨੈਂਸ ਕਰਵਾਏ ਫੋਨ ‘ਤੇ ਦੋ ਹਜ਼ਾਰ ਰੁਪਏ ਕੈਸ਼ਬੈਕ ਆਉਣ ਬਾਰੇ ਦੱਸਿਆ ਅਤੇ ਇਹ ਕੈਸ਼ਬੈਕ ਹਾਸਲ ਕਰਨ ਲਈ ਆਨਲਾਈਨ ਕੈਸ਼ਬੈਕ ਫਾਰਮ ਭਰਨ ਬਹਾਨੇ ਮੁੱਦਈ ਦਾ ਫੋਨ ਮੰਗ ਲਿਆ।