ਲੁਧਿਆਣਾ, 12 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। 2 ਦਿਨ ਪਹਿਲਾਂ ਘਰੋਂ ਲਾਪਤਾ ਹੋਏ 3 ਬੱਚਿਆਂ ਦੇ ਪਿਓ ਦਾ ਕਬਾੜੀਏ ਨੇ ਪੁਰਾਣੀ ਰੰਜਿਸ਼ ਤਹਿਤ ਆਪਣੇ ਦੋਸਤ ਨਾਲ ਮਿਲ ਕੇ ਸਿਰ ’ਤੇ ਰਾਡ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਲਿਫ਼ਾਫ਼ੇ ’ਚ ਪਾ ਆਟੋ ’ਚ ਲੱਦ ਕੇ ਨਹਿਰ ’ਚ ਸੁੱਟ ਦਿੱਤੀ।
ਮ੍ਰਿਤਕ ਦੀ ਪਛਾਣ ਗਗਨਦੀਪ ਸਿੰਘ (40) ਨਿਵਾਸੀ ਬਾਬਾ ਦੀਪ ਸਿੰਘ ਨਗਰ ਵਜੋਂ ਹੋਈ ਹੈ। ਜਾਣਕਾਰੀ ਦਿੰਦਿਆਂ ਚਾਚੇ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਗਗਨ ਦੀਆਂ 2 ਧੀਆਂ ਅਤੇ 1 ਪੁੱਤਰ ਹੈ। ਸਭ ਤੋਂ ਛੋਟੀ ਧੀ ਸਿਰਫ 3 ਮਹੀਨਿਆਂ ਦੀ ਹੈ। ਬੀਤੀ 9 ਸਤੰਬਰ ਦੀ ਸ਼ਾਮ 4.30 ਵਜੇ ਉਹ ਘਰੋਂ ਗਿਆ ਸੀ, ਜਿਸ ਤੋਂ ਬਾਅਦ ਵਾਪਸ ਨਹੀਂ ਆਇਆ।
ਪਹਿਲਾਂ ਰਿਸ਼ਤੇਦਾਰ ਆਪਣੇ ਪੱਧਰ ’ਤੇ ਭਾਲ ਕਰਦੇ ਰਹੇ ਪਰ ਕੋਈ ਸੁਰਾਗ ਹੱਥ ਨਹੀਂ ਲੱਗਾ ਤਾਂ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। 10 ਸਤੰਬਰ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਗਗਨ ਘਰੋਂ ਗਿਆ ਸੀ ਤਾਂ ਕੁਝ ਦੂਰੀ ’ਤੇ ਚੌਹਾਨ ਨਗਰ ’ਚ ਉਸ ਦਾ ਦੋਸਤ ਮਿਲਿਆ, ਜਿਸ ਨੂੰ ਗਗਨ ਨੇ ਕਬਾੜੀਏ ਕੋਲ ਛੱਡਣ ਨੂੰ ਕਿਹਾ ਸੀ। ਦੋਸਤ ਨੇ ਇਸ ਗੱਲ ਦੀ ਪੁਸ਼ਟੀ ਵੀ ਕੀਤੀ, ਉਥੇ ਗਗਨ ਨੂੰ ਲਿਜਾਣ ਦੀ ਫੁਟੇਜ ਵੀ ਰਿਸ਼ਤੇਦਾਰਾਂ ਨੂੰ ਮਿਲ ਗਈ ਹੈ। ਜਦੋਂ ਰਿਸ਼ਤੇਦਾਰ ਗੋਦਾਮ ’ਤੇ ਪੁੱਜੇ ਤਾਂ ਅੰਦਰ ਖੂਨ ਦੇ ਨਿਸ਼ਾਨ ਸਨ, ਉਥੇ ਇਕ ਕੁਰਸੀ ਵੀ ਟੁੱਟੀ ਪਈ ਸੀ, ਜੋ ਖੂਨ ਨਾਲ ਲੱਥਪੱਥ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁੱਜੀ ਪੁਲਿਸ ਵੱਲੋਂ ਫੋਰੈਂਸਿਕ ਟੀਮ ਨਾਲ ਮਿਲ ਕੇ ਕਈ ਸੈਂਪਲ ਭਰੇ ਗਏ ਹਨ।
ਸ਼ੁਰੂਆਤੀ ਜਾਂਚ ’ਚ ਸਾਹਮਣੇ ਆਇਆ ਕਿ ਲਗਭਗ 1 ਮਹੀਨਾ ਪਹਿਲਾਂ ਪੈਸਿਆਂ ਨੂੰ ਲੈ ਕੇ ਆਪਸ ’ਚ ਝਗੜਾ ਹੋਇਆ ਸੀ। ਇਸੇ ਰੰਜਿਸ਼ ਕਾਰਨ ਕਤਲ ਕੀਤਾ ਗਿਆ। ਗੁਰਇਕਬਾਲ ਸਿੰਘ, ਏ. ਸੀ. ਪੀ., ਹਲਕਾ ਗਿੱਲ ਦਾ ਕਹਿਣਾ ਹੈ ਕਿ ਕਬਾੜੀਏ ਸਫੀਕ ਅਤੇ ਉਸ ਦੇ ਦੋਸਤ ਸੰਨੀ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ। ਲਾਸ਼ ਸੁੱਟਣ ਲਈ ਵਰਤਿਆ ਆਟੋ ਬਰਾਮਦ ਕਰ ਲਿਆ ਹੈ। ਲਾਸ਼ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ। ਇਕ ਮੁਲਜ਼ਮ ਸਫੀਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੂਜੇ ਦੀ ਭਾਲ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ।