ਲੁਧਿਆਣਾ, 22 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬਾੜੇਵਾਲ ਨਹਿਰ ਦੇ ਨਜ਼ਦੀਕ ਬੰਨ੍ਹ ‘ਤੇ ਸ਼ੱਕੀ ਹਾਲਾਤ ‘ਚ ਇਕ ਨੌਜਵਾਨ ਦੀ ਲਾਸ਼ ਮਿਲੀ। ਨੌਜਵਾਨ ਪਿਛਲੇ 3 ਦਿਨਾਂ ਤੋਂ ਲਾਪਤਾ ਸੀ। ਉਸਦੇ ਪਿਤਾ ਨਹਿਰ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਆਪਣਾ ਮੋਬਾਇਲ ਨੰਬਰ ਦੇ ਕੇ ਆਏ ਸਨ ਕਿਉਕਿ ਉਨ੍ਹਾਂ ਨੂੰ ਪਹਿਲਾਂ ਹੀ ਸ਼ੱਕ ਸੀ ਕਿ ਉਨ੍ਹਾਂ ਦਾ ਲੜਕਾ ਨਹਿਰ ਵਿਚ ਰੁੜ੍ਹਿਆ ਹੋ ਸਕਦਾ ਹੈ। ਪੁਲਿਸ ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਹੀ ਹੈ।
ਰਮੇਸ਼ ਦੇ ਪਿਤਾ ਪ੍ਰਦੀਪ ਨੇ ਦੱਸਿਆ ਕਿ ਉਸ ਦਾ ਲੜਕਾ 5 ਸਾਲਾਂ ਤੋਂ ਉਸ ਤੋਂ ਵੱਖ ਰਹਿ ਰਿਹਾ ਸੀ। ਉਹ ਚਿੱਟਾ ਵੀ ਪੀਂਦਾ ਸੀ। ਉਨ੍ਹਾਂ ਨੇ ਉਸ ਨੂੰ ਪਿਛਲੇ 3 ਦਿਨਾਂ ਤੋਂ ਇਲਾਕੇ ‘ਚ ਘੁੰਮਦੇ ਨਹੀਂ ਦੇਖਿਆ ਸੀ। ਜਦੋਂ ਰਮੇਸ਼ ਇਲਾਕੇ ‘ਚ ਨਜ਼ਰ ਨਹੀਂ ਆਇਆ ਤਾਂ ਉਨ੍ਹਾਂ ਉਸ ਦੀ ਭਾਲ ਸ਼ੁਰੂ ਕਰ ਦਿੱਤੀ।
ਨਹਿਰ ਵਿਚ ਜਾਲ ਵਿਚ ਫਸੀ ਲਾਸ਼ ਨੂੰ ਦੇਖ ਕੇ ਨਹਿਰੀ ਮੁਲਾਜ਼ਮਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਅਤੇ ਉਸ ਦੀ ਸ਼ਨਾਖਤ ਲਈ ਨੰਬਰ ਲਿਖਵਾਇਆ। ਸਰਾਭਾ ਨਗਰ ਥਾਣਾ ਪੁਲਿਸ ਮੌਕੇ ‘ਤੇ ਪਹੁੰਚ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੀ ਪਛਾਣ ਕਰ ਲਈ ਹੈ। ਮ੍ਰਿਤਕ ਦਾ ਨਾਂ ਰਮੇਸ਼ (20) ਹੈ। ਦੂਜੇ ਪਾਸੇ ਦੇਰ ਰਾਤ ਥਾਣਾ ਸਰਾਭਾ ਨਗਰ ਦੇ ਏਐਸਆਈ ਸੁਭਾਸ਼ ਰਾਜ ਲਾਸ਼ ਲੈ ਕੇ ਸਿਵਲ ਹਸਪਤਾਲ ਪੁੱਜੇ। ਅਧਿਕਾਰੀ ਮੁਤਾਬਕ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਰਖਵਾ ਦਿੱਤਾ ਹੈ।