ਲੁਧਿਆਣਾ | ਲੁਧਿਆਣਾ ਦੇ ਜਗਰਾਓਂ ‘ਚ 3 ਦਿਨਾਂ ਤੋਂ ਲਾਪਤਾ ਨੌਜਵਾਨ ਗੁਰਮੁੱਖ ਸਿੰਘ ਦੀ ਲਾਸ਼ ਅਖਾੜਾ ਨਹਿਰ ‘ਚੋਂ ਬਰਾਮਦ ਹੋਈ ਹੈ। ਗੋਤਾਖੋਰ ਨੌਜਵਾਨ ਦੀ ਲਗਾਤਾਰ ਭਾਲ ਕਰ ਰਹੇ ਸਨ। ਥਾਣਾ ਸਿਟੀ ਜਗਰਾਓਂ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ ਹੈ। ਮ੍ਰਿਤਕ ਦੇ ਪਿਤਾ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਲੜਕਾ ਬੇਰੁਜ਼ਗਾਰ ਹੋਣ ਕਰਕੇ ਪ੍ਰੇਸ਼ਾਨ ਰਹਿੰਦਾ ਸੀ। 3 ਦਿਨ ਪਹਿਲਾਂ ਉਹ ਇਕ ਹਜ਼ਾਰ ਰੁਪਏ ਲੈ ਕੇ ਘਰੋਂ ਚਲਾ ਗਿਆ ਸੀ। ਉਸ ਨੇ 3 ਦਿਨ ਪਹਿਲਾਂ ਕਿਰਾਏ ‘ਤੇ ਕਮਰਾ ਲਿਆ ਸੀ। ਇਸ ਤੋਂ ਬਾਅਦ ਉਹ ਘਰ ਨਹੀਂ ਪਰਤਿਆ।
ਉਨ੍ਹਾਂ ਨੂੰ ਪਿੰਡ ਦੇ ਹੀ ਇਕ ਵਿਅਕਤੀ ਨੇ ਦੱਸਿਆ ਸੀ ਕਿ ਗੁਰਮੁੱਖ ਨੇ ਨਹਿਰ ਵਿਚ ਛਾਲ ਮਾਰ ਦਿੱਤੀ ਹੈ। ਜਦੋਂ ਉਸ ਦੀ ਭਾਲ ਕੀਤੀ ਗਈ ਤਾਂ ਨਹਿਰ ਦੇ ਕਿਨਾਰੇ ਤੋਂ ਇਕ ਸ਼ਰਾਬ ਦੀ ਬੋਤਲ ਅਤੇ ਉਸ ਦੇ ਕੱਪੜੇ ਬਰਾਮਦ ਹੋਏ। ਇਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਗੁਰਮੁੱਖ ਸਿੰਘ ਦੀ ਲਾਸ਼ ਗਰਿੱਡ ਨੇੜੇ ਫਸੀ ਹੋਈ ਮਿਲੀ।