ਲੁਧਿਆਣਾ : ਨੂੰਹ ਨੂੰ ਬੰਧਕ ਬਣਾ ਕੇ ਸਹੁਰਾ ਪਰਿਵਾਰ ਕਰਦਾ ਰਿਹਾ ਬਲਾਤਕਾਰ, ਦਿੰਦੇ ਸਨ ਨਸ਼ਾ

0
497

ਲੁਧਿਆਣਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। 3 ਮਹੀਨੇ ਪਹਿਲਾਂ ਵਿਆਹੀ ਲੜਕੀ ਨੂੰ ਸਭ ਸਹਿਣਾ ਪਿਆ, ਜਿਸ ਦੀ ਉਸ ਨੇ ਕਲਪਨਾ ਵੀ ਨਹੀਂ ਕੀਤੀ ਸੀ। ਲੜਕੀ ਨੇ ਆਪਣੀ ਮਾਂ ਨੂੰ ਦੱਸਿਆ ਕਿ ਉਸ ਦੇ ਸਹੁਰੇ ਪਰਿਵਾਰ ਮੈਂਬਰ ਬੰਧਕ ਬਣਾ ਕੇ ਉਸ ਦੀ ਆਬਰੂ ਲੁੱਟਦੇ ਸਨ। ਇੰਨਾ ਹੀ ਨਹੀਂ ਮੁਲਜ਼ਮ ਲੜਕੀ ਨੂੰ ਨਸ਼ੀਲੀਆਂ ਗੋਲੀਆਂ ਵੀ ਦਿੰਦੇ ਸਨ।

ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੀ ਪੁਲਿਸ ਨੇ ਵਿਆਹੁਤਾ ਦੇ ਬਿਆਨਾਂ ‘ਤੇ ਹਨੂੰਮਾਨਗੜ੍ਹ ਰਾਜਸਥਾਨ ਦੇ ਵਾਸੀ ਰਾਮ ਸਿੰਘ, ਦਿਓਰ ਰਕੇਸ਼ ਸਿੰਘ, ਵਿਚੋਲੇ ਓਮਕਾਰ ਅਤੇ ਨਨਾਣ ਦੇ ਬੇਟੇ ਖਿਲਾਫ ਗੈਂਗਰੇਪ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੁਧਿਆਣਾ ਦੀ ਰਹਿਣ ਵਾਲੀ ਲੜਕੀ ਨੇ ਦੱਸਿਆ ਕਿ ਉਸਦਾ ਵਿਆਹ ਰਾਜਸਥਾਨ ਦੇ ਹਨੂੰਮਾਨਗੜ੍ਹ ਇਲਾਕੇ ਵਿਚ ਹੋਇਆ ਸੀ।

ਪੀੜਤਾ ਨੇ ਦੱਸਿਆ ਕਿ ਮੁਲਜ਼ਮ ਉਸਦੇ ਪਤੀ ਦੀ ਗ਼ੈਰ-ਹਾਜ਼ਰੀ ਵਿਚ ਉਸ ਨੂੰ ਪ੍ਰੇਸ਼ਾਨ ਕਰਨ ਲੱਗ ਪਏ। ਸਹੁਰੇ ਪਰਿਵਾਰ ਦੇ ਮੈਂਬਰ ਉਸ ਨੂੰ ਬੰਧਕ ਬਣਾ ਕੇ ਕੁੱਟਦੇ ਅਤੇ ਨਸ਼ੀਲੀਆਂ ਗੋਲੀਆ ਵੀ ਦਿੰਦੇ ਸਨ। ਸਾਰੇ ਮੁਲਜ਼ਮ ਵਿਚੋਲੇ ਓਮਕਾਰ ਨਾਲ ਮਿਲ ਕੇ ਉਸ ਨਾਲ ਜਬਰ-ਜ਼ਨਾਹ ਕਰਦੇ। ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਖਾਤੇ ‘ਚੋਂ ਏਟੀਐਮ ਦੇ ਜ਼ਰੀਏ 80 ਹਜ਼ਾਰ ਰੁਪਏ ਦੀ ਨਕਦੀ ਵੀ ਕਢਵਾਈ। 4 ਦਿਨ ਪਹਿਲਾਂ ਲੜਕੀ ਦੀ ਮਾਂ ਜਦੋਂ ਉਸ ਨੂੰ ਮਿਲਣ ਲਈ ਗਈ ਤਾਂ ਵਿਆਹੁਤਾ ਦੀ ਹਾਲਤ ਦੇਖ ਕੇ ਉਸ ਦੇ ਹੋਸ਼ ਉੱਡ ਗਏ। ਔਰਤ ਮੁਲਜ਼ਮਾਂ ਦੇ ਚੰਗੁਲ ਵਿਚੋਂ ਆਪਣੀ ਧੀ ਨੂੰ ਛੁਡਵਾ ਕੇ ਲੁਧਿਆਣਾ ਆ ਗਈ ਅਤੇ ਥਾਣਾ ਸਾਹਨੇਵਾਲ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ।

ਉਧਰ ਇਸ ਮਾਮਲੇ ਵਿਚ ਥਾਣਾ ਸਾਹਨੇਵਾਲ ਦੇ ਸਬ-ਇੰਸਪੈਕਟਰ ਹਰਜਿੰਦਰ ਕੌਰ ਦਾ ਕਹਿਣਾ ਹੈ ਪੁਲਿਸ ਨੇ ਵਿਆਹੁਤਾ ਦੀ ਸ਼ਿਕਾਇਤ ‘ਤੇ ਮੁਲਜ਼ਮਾਂ ਖਿਲਾਫ਼ ਜ਼ੀਰੋ ਐਫਆਈਆਰ ਦਰਜ ਕਰਕੇ ਮਾਮਲਾ ਰਾਜਸਥਾਨ ਪੁਲਿਸ ਨੂੰ ਭੇਜ ਦਿੱਤਾ ਹੈ। ਸਾਰੇ ਕੇਸ ਦੀ ਅਗਲੀ ਪੜਤਾਲ ਹੁਣ ਰਾਜਸਥਾਨ ਪੁਲਿਸ ਹੀ ਕਰੇਗੀ।