ਲੁਧਿਆਣਾ : ਕਿਸੇ ਹੋਰ ਨਾਲ ਰਿਲੇਸ਼ਨ ਦੇ ਸ਼ੱਕ ‘ਚ ਆਸ਼ਿਕ ਨੇ ਗਲਾ ਵੱਢ ਕੇ ਮਾਰਤੀ ਪ੍ਰੇਮਿਕਾ, ਰਸਤੇ ‘ਚੋਂ ਲੈ ਗਿਆ ਸੀ ਕਾਰ ‘ਚ ਬਿਠਾ ਕੇ

0
1115

ਲੁਧਿਆਣਾ | ਐਤਵਾਰ ਸ਼ਾਮ ਨੂੰ ਇਕ ਔਰਤ ਦੇ ਕਤਲ ਦਾ ਦੋਸ਼ੀ ਉਸ ਦਾ ਪ੍ਰੇਮੀ ਨਿਕਲਿਆ। ਉਹ ਔਰਤ ਨੂੰ ਸੜਕ ਤੋਂ ਚੁੱਕ ਕੇ ਖਾਲੀ ਪਲਾਟ ਵਿਚ ਲੈ ਗਿਆ ਅਤੇ ਗਲਾ ਵੱਢ ਦਿੱਤਾ। ਔਰਤ ਦੀ ਲਾਸ਼ ਗਿੱਲ ਰੋਡ ‘ਤੇ ਰੇਲਵੇ ਲਾਈਨ ਨੇੜੇ ਖਾਲੀ ਪਲਾਟ ‘ਚੋਂ ਮਿਲੀ।

ਸਦਰ ਥਾਣਾ ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਸੀ। ਇਸ ਸਬੰਧੀ ਮ੍ਰਿਤਕ ਦੇ ਫੋਨ ਦੀ ਕਾਲ ਡਿਟੇਲ ਅਤੇ ਆਸ-ਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੂੰ ਸੁਰਾਗ ਮਿਲ ਗਿਆ ਅਤੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਦੀ ਪਛਾਣ ਜਸਵੀਰ ਸਿੰਘ ਉਰਫ਼ ਜੱਸੀ (37) ਵਾਸੀ ਪਿੰਡ ਧਾਂਦਰਾ (ਨੇੜੇ ਬੱਸ ਸਟੈਂਡ) ਵਜੋਂ ਹੋਈ ਹੈ।

ਮੁਲਜ਼ਮ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਏਡੀਸੀਪੀ ਦੇਵ ਸਿੰਘ ਨੇ ਪ੍ਰੈਸ ਕਾਨਫਰੰਸ ਵਿਚ ਦੱਸਿਆ ਕਿ ਮੁਲਜ਼ਮ ਜੱਸੀ ਨੇ ਕਰੀਬ 10 ਸਾਲ ਪਹਿਲਾਂ ਮੁੰਡਿਆ ਕਲਾਂ ਦੀ ਰਹਿਣ ਵਾਲੀ ਸੰਦੀਪ ਕੌਰ (35) ਨਾਲ ਫੇਸਬੁੱਕ ਰਾਹੀਂ ਦੋਸਤੀ ਕੀਤੀ ਸੀ। ਜੱਸੀ ਵਿਆਹਿਆ ਹੋਇਆ ਹੈ ਅਤੇ ਉਸ ਦੀ ਇੱਕ 4.5 ਸਾਲ ਦੀ ਬੇਟੀ ਹੈ।

ਜਦਕਿ ਸੰਦੀਪ ਕੌਰ ਤਲਾਕਸ਼ੁਦਾ ਹੈ। ਉਸ ਦਾ 7 ਸਾਲ ਪਹਿਲਾਂ ਤਲਾਕ ਹੋ ਗਿਆ ਸੀ। ਉਨ੍ਹਾਂ ਦੀ ਕਰੀਬ 13 ਸਾਲ ਦੀ ਇੱਕ ਬੇਟੀ ਵੀ ਹੈ। ਫੇਸਬੁੱਕ ‘ਤੇ ਹੋਈ ਦੋਸਤੀ ਤੋਂ ਬਾਅਦ ਉਨ੍ਹਾਂ ਦਾ ਰਿਸ਼ਤਾ ਕਾਫੀ ਗੂੜ੍ਹਾ ਹੋ ਗਿਆ ਸੀ ਪਰ ਕੁਝ ਸਮੇਂ ਤੱਕ ਦੋਵਾਂ ਵਿਚਾਲੇ ਲੜਾਈ ਹੋ ਗਈ

ਏਡੀਸੀਪੀ ਨੇ ਦੱਸਿਆ ਹੈ ਕਿ ਜੱਸੀ ਰਿਲੇਸ਼ਨਸ਼ਿਪ ਵਿਚ ਹੁੰਦੇ ਹੋਏ ਸੰਦੀਪ ਉੱਤੇ ਸ਼ੱਕ ਕਰਨ ਲੱਗ ਪਿਆ ਸੀ। ਉਸ ਨੂੰ ਲੱਗਾ ਕਿ ਸੰਦੀਪ ਕਿਸੇ ਹੋਰ ਨਾਲ ਵੀ ਗੱਲ ਕਰਦੀ ਹੈ। ਇਸ ਦੇ ਨਾਲ ਹੀ ਸੰਦੀਪ ਭਾਰਤ ਛੱਡ ਕੇ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਜੱਸੀ ਉਸ ਨੂੰ ਜਾਣ ਤੋਂ ਰੋਕ ਰਿਹਾ ਸੀ।

ਪੁਲਿਸ ਪੁੱਛਗਿੱਛ ਦੌਰਾਨ ਜੱਸੀ ਨੇ ਖੁਲਾਸਾ ਕੀਤਾ ਕਿ 4 ਅਗਸਤ ਨੂੰ ਇਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਲੜਾਈ ਹੋਈ ਸੀ। ਗੁੱਸੇ ਵਿਚ ਆ ਕੇ ਉਹ ਸੰਦੀਪ ਕੌਰ ਨੂੰ ਗਿੱਲ ਰੋਡ ’ਤੇ ਖਾਲੀ ਪਏ ਪਲਾਟ ਵਿਚ ਲੈ ਗਿਆ। ਉਥੇ ਜਾ ਕੇ ਉਸ ਨੇ ਚਾਕੂ ਨਾਲ ਗਲਾ ਵੱਢ ਦਿੱਤਾ।

ਪੁਲਿਸ ਨੇ ਮੁਲਜ਼ਮ ਕੋਲੋਂ ਇੱਕ ਚਿੱਟੇ ਰੰਗ ਦੀ ਵਿਸਟਾ ਕਾਰ ਵਾਰਦਾਤ ਵਿਚ ਵਰਤਿਆ ਚਾਕੂ ਅਤੇ ਇੱਕ ਐਕਟਿਵਾ ਬਰਾਮਦ ਕੀਤੀ ਹੈ।