ਲੁਧਿਆਣਾ : ਨਿੱਜੀ ਪਲਾਂ ਦੀਆਂ ਤਸਵੀਰਾਂ ਜਗ ਜ਼ਾਹਿਰ ਕਰਨ ਦੀ ਧਮਕੀ ਦੇ ਕੇ ਦੋ ਸਕੇ ਭਰਾ 20 ਵਰ੍ਹਿਆਂ ਦੀ ਮੁਟਿਆਰ ਨੂੰ ਹਵਸ ਦਾ ਸ਼ਿਕਾਰ ਬਣਾਉਣ ਲੱਗ ਪਏ। ਮੁਲਜ਼ਮਾਂ ‘ਚੋਂ ਇਕ ਨੇ ਚੰਡੀਗੜ੍ਹ ਦੇ ਹੋਟਲ ਵਿਚ ਲਿਜਾ ਕੇ ਲੜਕੀ ਦੀ ਆਬਰੂ ਲੁੱਟੀ। ਬੁਰੀ ਤਰ੍ਹਾਂ ਸਹਿਮੀ ਲੜਕੀ ਨੇ ਪਹਿਲਾਂ ਤਾਂ ਚੁੱਪ ਵੱਟੀ ਰੱਖੀ, ਪਰ ਪਾਣੀ ਸਿਰ ਤੋਂ ਨਿਕਲਦਾ ਦੇਖ ਉਸ ਨੇ ਇਸ ਸਬੰਧੀ ਪੁਲਿਸ ਨੂੰ ਜਾਣਕਾਰੀ ਦਿੱਤੀ।
ਇਸ ਮਾਮਲੇ ਵਿਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਪੀੜਤ ਲੜਕੀ ਦੇ ਬਿਆਨ ‘ਤੇ ਨੱਥਾ ਸਿੰਘ ਦਾ ਵਿਹੜਾ ਮੁਸਲਮ ਕਲੋਨੀ ਦੇ ਵਾਸੀ ਬਹਾਦਰ ਸਿੰਘ ਤੇ ਨਰਿੰਦਰ ਸਿੰਘ ਖ਼ਿਲਾਫ਼ ਜਬਰ ਜਨਾਹ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਨੇ ਦੱਸਿਆ ਕਿ ਉਹ ਮੋਤੀ ਨਗਰ ਇਲਾਕੇ ਵਿੱਚ ਬਿਊਟੀ ਪਾਰਲਰ ਦਾ ਕੋਰਸ ਕਰ ਰਹੀ ਹੈ। ਇਸੇ ਦੌਰਾਨ ਵਿਹੜੇ ਵਿਚ ਰਹਿਣ ਵਾਲੇ ਬਹਾਦਰ ਸਿੰਘ ਨਾਮ ਦੇ ਨੌਜਵਾਨ ਨਾਲ ਲੜਕੀ ਦੀ ਮੁਲਾਕਾਤ ਹੋ ਗਈ। ਕੁਝ ਦਿਨ ਪਹਿਲਾਂ ਬਹਾਦਰ ਲੜਕੀ ਨੂੰ ਇਕੱਲਿਆਂ ਦੇਖ ਕੇ ਘਰ ਅੰਦਰ ਦਾਖ਼ਲ ਹੋ ਗਿਆ ਤੇ ਉਸ ਨੂੰ ਵਰਗਲਾ ਕੇ ਜ਼ਬਰਦਸਤੀ ਸਰੀਰਕ ਸਬੰਧ ਬਣਾ ਲਏ।
ਮੁਲਜ਼ਮ ਨੇ ਲੜਕੀ ਨੂੰ ਧਮਕੀ ਦਿੱਤੀ ਕਿ ਇਸ ਸਬੰਧੀ ਕਿਸੇ ਨਾਲ ਵੀ ਜ਼ਿਕਰ ਨਾ ਕੀਤਾ ਜਾਵੇ। ਕੁਝ ਦਿਨਾਂ ਬਾਅਦ ਬਹਾਦਰ ਸਿੰਘ ਦਾ ਭਰਾ ਨਰਿੰਦਰ ਲੜਕੀ ਦੇ ਕੋਲ ਆਇਆ ਤੇ ਉਸ ਦੇ ਨਿੱਜੀ ਪਲਾਂ ਦੀਆਂ ਤਸਵੀਰਾਂ ਵਾਇਰਲ ਕਰ ਦੇਣ ਦੀ ਧਮਕੀ ਦੇਣ ਲੱਗ ਪਿਆ। ਮੁਲਜ਼ਮ ਨਰਿੰਦਰ ਸਿੰਘ ਨੇ ਤਸਵੀਰਾਂ ਡਿਲੀਟ ਕਰ ਦੇਣ ਦੀ ਗੱਲ ਆਖ ਕੇ ਲੜਕੀ ਨੂੰ ਬਲੈਕਮੇਲ ਕੀਤਾ ਅਤੇ ਚੰਡੀਗੜ੍ਹ ਦੇ ਹੋਟਲ ਵਿਚ ਲਿਜਾ ਕੇ ਉਸ ਦੀ ਆਬਰੂ ਲੁੱਟ ਲਈ। ਮੁਟਿਆਰ ਪਹਿਲੋਂ ਤਾਂ ਜ਼ੁਲਮ ਸਹਿ ਰਹੀ ਸੀ ਪਰ ਪਾਣੀ ਸਿਰ ਤੋਂ ਲੰਘਦਿਆਂ ਦੇਖ ਉਸ ਨੇ ਇਸ ਸਬੰਧੀ ਆਪਣੇ ਮਾਪਿਆਂ ਨੂੰ ਜਾਣਕਾਰੀ ਦਿੱਤੀ।
ਕੇਸ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਲੜਕੀ ਦੇ ਬਿਆਨ ਉੱਪਰ ਬਹਾਦਰ ਸਿੰਘ ਤੇ ਨਰਿੰਦਰ ਸਿੰਘ ਖਿਲਾਫ ਐੱਫਆਈਆਰ ਦਰਜ ਕਰ ਲਈ ਹੈ। ਜਾਂਚ ਅਧਿਕਾਰੀ ਵਿਜੈ ਕੁਮਾਰ ਦਾ ਕਹਿਣਾ ਹੈ ਕਿ ਮੁਲਜ਼ਮ ਬਹਾਦਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਦ ਕਿ ਨਰਿੰਦਰ ਦੀ ਤਲਾਸ਼ ਕੀਤੀ ਜਾ ਰਹੀ ਹੈ।