ਲੁਧਿਆਣਾ : 3 ਨਸ਼ਾ ਤਸਕਰਾਂ ਦੀਆਂ 1.63 ਕਰੋੜ ਰੁਪਏ ਦੀ ਜਾਇਦਾਦ ਜ਼ਬਤ, ਹੋਰਾਂ ਦੀ ਵੀ ਸੂਚੀ ਜਾਰੀ

0
436

ਲੁਧਿਆਣਾ | ਲੁਧਿਆਣਾ ਕਮਿਸ਼ਨਰੇਟ ਪੁਲਿਸ ਨੇ 3 ਨਸ਼ਾ ਤਸਕਰਾਂ ਦੀ 1.63 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਜਾਇਦਾਦ ਵਿਚ ਵਪਾਰਕ ਦੁਕਾਨਾਂ ਅਤੇ ਰਿਹਾਇਸ਼ੀ ਘਰ ਦੋਵੇਂ ਸ਼ਾਮਲ ਹਨ। ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਪੁਲਿਸ ਨੇ ਇਨ੍ਹਾਂ ਤਸਕਰਾਂ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਈ ਹੈ ਅਤੇ ਐਨ.ਡੀ.ਪੀ.ਐਸ. ਮਾਮਲਿਆਂ ਵਿਚ ਗ੍ਰਿਫ਼ਤਾਰ ਕੀਤੇ 3 ਤਸਕਰਾਂ ਦੀ ਜਾਇਦਾਦ ਜ਼ਬਤ ਕਰ ਲਈ ਹੈ।

ਉਨ੍ਹਾਂ ਦੱਸਿਆ ਕਿ ਹੁਸ਼ਿਆਰ ਸਿੰਘ ਦੀ ਜਾਇਦਾਦ ਜਿਸ ਵਿਚ ਲਲਤੋਂ ਕਲਾਂ ਵਿਚ 3 ਰਿਹਾਇਸ਼ੀ ਮਕਾਨ ਅਤੇ ਇਕ ਦੁਕਾਨ ਸ਼ਾਮਲ ਹੈ, ਦੀ ਕੁੱਲ ਕੀਮਤ 1.08 ਕਰੋੜ ਰੁਪਏ ਬਣਦੀ ਹੈ। ਨਿਊ ਸੁੰਦਰ ਨਗਰ ਦੇ ਸਤਨਾਮ ਸਿੰਘ ਦੀ 100 ਵਰਗ ਗਜ਼ ਜ਼ਮੀਨ ‘ਤੇ ਇਕ ਮੈਡੀਕਲ ਦੀ ਦੁਕਾਨ, 2 ਖਾਲੀ ਦੁਕਾਨਾਂ ਅਤੇ ਆਸ਼ੀਆਨਾ ਕਾਲੋਨੀ ਦੇ ਵਿਕਾਸ ਕੁਮਾਰ ਦੇ ਰਿਹਾਇਸ਼ੀ ਮਕਾਨ ਨੂੰ ਵੀ ਪੁਲਿਸ ਨੇ ਸੀਲ ਕਰ ਦਿੱਤਾ ਹੈ।

ਸੀ.ਪੀ. ਸਿੱਧੂ ਨੇ ਜਾਇਦਾਦਾਂ ਦੀ ਕੁਰਕੀ ਦੀ ਪ੍ਰਕਿਰਿਆ ਨੂੰ ਘੱਟ ਤੋਂ ਘੱਟ ਸਮੇਂ ਵਿਚ ਅੱਗੇ ਵਧਾਉਣ ਦਾ ਸਿਹਰਾ ਵਧੀਕ ਡੀਸੀਪੀ-2 ਸੁਹੇਲ ਕਾਸਿਮ ਮੀਰ ਨੂੰ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਾਇਦਾਦਾਂ ਨੂੰ ਫਰੀਜ਼ ਕਰਨ ਲਈ ਐਨਡੀਪੀਐਸ ਐਕਟ ਦੀ ਧਾਰਾ 68-ਐਫ ਦੀ ਵਰਤੋਂ ਕੀਤੀ ਸੀ ਅਤੇ ਇਸ ਕਾਰਵਾਈ ਨਾਲ ਸਮਾਜ ਦੇ ਹੋਰਨਾਂ ਤਸਕਰਾਂ ਨੂੰ ਵੀ ਸਖ਼ਤ ਸੁਨੇਹਾ ਜਾਵੇਗਾ। ਪੁਲਿਸ ਨੇ ਕਈ ਹੋਰ ਤਸਕਰਾਂ ਦੀਆਂ ਜਾਇਦਾਦਾਂ ਦੀ ਸੂਚੀ ਵੀ ਤਿਆਰ ਕੀਤੀ ਹੈ ਜੋ ਨਸ਼ਾ ਵੇਚਣ ਵਿਚ ਸ਼ਾਮਲ ਹਨ।