ਲੁਧਿਆਣਾ : ਚਿੱਟੇ ਦੇ ਸਮੱਗਲਰਾਂ ਦੇ ਏਰੀਏ ‘ਚ ਪੁਲਿਸ ਦੀ ਰੇਡ, ਬੇਖੌਫ ਤਸਕਰਾਂ ਕੀਤਾ ਹਮਲਾ, ਹੋਏ ਫਰਾਰ

0
406

ਲੁਧਿਆਣਾ | ਐਂਟੀ ਨਾਰਕੋਟਿਕਸ ਟੀਮ ਨੇ ਜਵਾਹਰ ਨਗਰ ਕੈਂਪ ‘ਚ ਚਿੱਟਾ ਵੇਚਣ ਵਾਲੇ ਸਮੱਗਲਰਾਂ ‘ਤੇ ਛਾਪਾ ਮਾਰਿਆ। ਇਸ ਦੌਰਾਨ ਉਨ੍ਹਾਂ ਨੇ ਪੁਲਿਸ ‘ਤੇ ਹੀ ਹਮਲਾ ਕਰ ਦਿੱਤਾ। ਛਾਪੇਮਾਰੀ ਤੋਂ ਪਹਿਲਾਂ ਆਰੋਪੀ ਭੱਜ ਗਏ ਪਰ ਕੁਝ ਆਰੋਪੀਆਂ ਨੇ ਪੁਲਸ ਮੁਲਾਜ਼ਮਾਂ ‘ਤੇ ਪਥਰਾਅ ਆਦਿ ਕੀਤਾ ਅਤੇ ਫਰਾਰ ਹੋ ਗਏ। ਮਾਮਲੇ ‘ਚ ਪੁਲਸ ਦੇ ਹੱਥ ਅਜੇ ਵੀ ਖਾਲੀ ਹਨ। ਪੁਲਿਸ ਨੇ ਫਰਾਰ ਮੁਲਜ਼ਮਾਂ ਬਾਰੇ ਇਲਾਕੇ ਦੇ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ।

ਪੁਲਿਸ ਅਤੇ ਨਸ਼ਾ ਤਸਕਰਾਂ ਵਿਚਕਾਰ ਹੋਏ ਮੁਕਾਬਲੇ ਕਾਰਨ ਇਲਾਕੇ ਦੇ ਲੋਕਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਹੈ। ਆਲੇ-ਦੁਆਲੇ ਦੇ ਲੋਕਾਂ ਅਨੁਸਾਰ ਇਲਾਕੇ ‘ਚ ਚਿਟਾ ਵੇਚਿਆ ਜਾਂਦਾ ਹੈ ਪਰ ਡਰ ਕਾਰਨ ਲੋਕ ਖੁੱਲ੍ਹ ਕੇ ਪੁਲਸ ਨੂੰ ਸੂਚਨਾ ਨਹੀਂ ਦਿੰਦੇ। ਖਬਰ ਸੀ ਕਿ ਉਕਤ ਏਰੀਏ ਵਿਚ ਵੱਡੀ ਗਿਣਤੀ ਵਿਚ ਚਿੱਟਾ ਤਸਕਰ ਰਹਿੰਦੇ ਹਨ ਤੇ ਚਿੱਟਾ ਸ਼ਰੇਆਮ ਵਿਕਦਾ ਹੈ। ਸੂਤਰਾਂ ਅਨੁਸਾਰ ਟੀਮ ਦੀ ਛਾਪੇਮਾਰੀ ਦੀ ਸੂਚਨਾ ਇਨ੍ਹਾਂ ਤੱਕ ਪਹੁੰਚ ਗਈ ਅਤੇ ਛਾਪੇਮਾਰੀ ਤੋਂ ਪਹਿਲਾਂ ਹੀ ਫਰਾਰ ਹੋ ਗਏ।

ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਹੋਈ ਆਹਮੋ-ਸਾਹਮਣੀ ਮੁੱਠਭੇੜ ਇਲਾਕੇ ‘ਚ ਲੱਗੇ ਸੀਸੀਟੀਵੀ ‘ਚ ਕੈਦ ਹੋ ਗਈ ਹੈ। ਪੁਲਿਸ ਇਲਾਕੇ ਵਿਚ ਲੱਗੇ ਕੈਮਰਿਆਂ ਦੀ ਵੀ ਜਾਂਚ ਕਰੇਗੀ ਤਾਂ ਜੋ ਹਮਲਾ ਕਰਨ ਵਾਲੇ ਬਦਮਾਸ਼ਾਂ ਦੀ ਪਛਾਣ ਕੀਤੀ ਜਾ ਸਕੇ।

ਪੁਲਿਸ ਟੀਮ ‘ਤੇ ਹੋਏ ਹਮਲੇ ਦੀ ਨਿੰਦਾ ਕੀਤੀ ਜਾ ਰਹੀ ਹੈ। ਸਵਾਲ ਉਠਾਏ ਜਾ ਰਹੇ ਹਨ ਕਿ ਚਿੱਟਾ ਤਸਕਰਾਂ ਦੇ ਹੌਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਹ ਪੁਲਿਸ ‘ਤੇ ਹਮਲੇ ਕਰ ਰਹੇ ਹਨ। ਘਟਨਾ ਤੋਂ ਬਾਅਦ ਵੱਡੀ ਗਿਣਤੀ ‘ਚ ਪੁਲਸ ਫੋਰਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਕੁਝ ਸਮੇਂ ਲਈ ਇਲਾਕੇ ਨੂੰ ਸੀਲ ਵੀ ਕਰ ਦਿੱਤਾ। ਇਲਾਕੇ ‘ਚ ਗਸ਼ਤ ਵੀ ਕੀਤੀ।