ਲੁਧਿਆਣਾ ਪੁਲਿਸ ਨੇ ਸੋਨਾ ਤਸਕਰ ਹਥਿਆਰਾਂ ਸਣੇ ਕੀਤੇ ਗ੍ਰਿਫਤਾਰ, ਵਟਸਐਪ ਰਾਹੀਂ ਕਰਦੇ ਸੀ ਡੀਲ

0
798

ਲੁਧਿਆਣਾ, 10 ਸਤੰਬਰ । ਲੁਧਿਆਣਾ ਪੁਲਿਸ ਨੇ ਦੁਬਈ ਤੋਂ ਸੋਨੇ ਦੀ ਤਸਕਰੀ ਦੇ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼ ਕਰਦਿਆਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ 1 ਕਿਲੋ 230 ਗ੍ਰਾਮ ਸੋਨੇ ਦੀ ਪੇਸਟ ਅਤੇ 2 ਨਾਜਾਇਜ਼ ਦੇਸੀ ਪਿਸਤੌਲ ਬਰਾਮਦ ਕੀਤੇ ਹਨ। ਮਾਮਲੇ ‘ਚ ਦੋ ਮੁਲਜ਼ਮ ਹਾਲੇ ਫਰਾਰ ਹਨ। ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਸੀਆਈਏ ਟੀਮ ਨੂੰ ਚੈਕਿੰਗ ਦੌਰਾਨ ਸੂਚਨਾ ਮਿਲੀ ਸੀ ਕਿ ਆਜ਼ਾਦ ਸਿੰਘ ਅਤੇ ਆਸ਼ੂ ਕੁਮਾਰ ਉਰਫ਼ ਆਸ਼ੂ, ਪੁਨੀਤ ਸਿੰਘ ਉਰਫ਼ ਗੁਰੂ ਉਰਫ਼ ਪੰਕਜ ਅਤੇ ਪਰਵਿੰਦਰ ਸਿੰਘ ਵੱਲੋਂ ਭੇਜੀ ਸੋਨੇ ਦੀ ਖੇਪ ਲੈ ਕੇ ਆਏ ਹਨ।

ਜਲੰਧਰ ਬਾਈਪਾਸ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਕਿਸੇ ਦੀ ਉਡੀਕ ਕਰ ਰਹੇ ਹਨ। ਪੁਲਿਸ ਨੇ ਕਾਰਵਾਈ ਕਰਦਿਆਂ ਆਜ਼ਾਦ ਸਿੰਘ ਅਤੇ ਆਸ਼ੂ ਨੂੰ ਗ੍ਰਿਫ਼ਤਾਰ ਕਰ ਲਿਆ। ਇਨ੍ਹਾਂ ਕੋਲੋਂ ਇਕ ਕਿੱਲੋ ਸੋਨਾ ਅਤੇ ਹਥਿਆਰ ਬਰਾਮਦ ਹੋਏ ਹਨ। ਬਾਅਦ ‘ਚ ਆਸ਼ੂ ਦੀ ਸੂਚਨਾ ‘ਤੇ ਉਸ ਦੇ ਅੰਮ੍ਰਿਤਸਰ ਸਥਿਤ ਘਰ ‘ਚੋਂ 230 ਗ੍ਰਾਮ ਸੋਨਾ ਚੂਰਾ ਪੋਸਤ ਬਰਾਮਦ ਹੋਇਆ।

ਉਨ੍ਹਾਂ ਦੱਸਿਆ ਕਿ ਪੁਨੀਤ, ਜੋ ਆਜ਼ਾਦ ਦਾ ਜੀਜਾ ਹੈ, ਉਸਨੂੰ ਦੁਬਈ ਤੋਂ ਆਉਣ ਵਾਲੇ ਯਾਤਰੀ ਦੀ ਫੋਟੋ ਵਟਸਐਪ ‘ਤੇ ਭੇਜਦਾ ਸੀ। ਆਜ਼ਾਦ ਅਤੇ ਆਸ਼ੂ ਹਵਾਈ ਅੱਡੇ ‘ਤੇ ਜਾ ਕੇ ਵਿਅਕਤੀ ਦੀ ਪਛਾਣ ਕਰਦੇ ਸਨ ਅਤੇ ਉਸ ਤੋਂ ਖੇਪ ਇਕੱਠੀ ਕਰਦੇ ਸਨ। ਇਸ ਸਬੰਧੀ ਕਸਟਮ ਵਿਭਾਗ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।