ਲੁਧਿਆਣਾ ਪੁਲਿਸ ਤੇ ਗੈਂਗਸਟਰ ਮੁਕਾਬਲਾ : ਪੁਲਿਸ ਨੇ 2 ਗੈਂਗਸਟਰਾਂ ਨੂੰ ਟਿੱਬਾ ਪੁਲ ‘ਤੇ ਕੀਤਾ ਢੇਰ

0
1113

ਲੁਧਿਆਣਾ, 30 ਨਵੰਬਰ| ਕਾਰੋਬਾਰੀ ਸੰਭਵ ਜੈਨ ਨੂੰ 17 ਨਵੰਬਰ ਨੂੰ ਪੰਜਾਬ ਦੇ ਲੁਧਿਆਣਾ ਤੋਂ ਗੈਂਗਸਟਰਾਂ ਨੇ ਅਗਵਾ ਕਰ ਲਿਆ ਸੀ। ਜਿਸ ਤੋਂ ਬਾਅਦ ਵਪਾਰੀ ਦੇ ਪੱਟ ‘ਤੇ ਗੋਲੀ ਮਾਰ ਕੇ ਵਿਸ਼ਵਕਰਮਾ ਚੌਕ ‘ਚ ਸੁੱਟ ਦਿੱਤਾ ਗਿਆ। ਇਸ ਮਾਮਲੇ ਵਿੱਚ ਕੱਲ੍ਹ ਪੁਲਿਸ ਨੇ ਦੋ ਗੈਂਗਸਟਰਾਂ ਦਾ ਐਨਕਾਊਂਟਰ ਕਰਕੇ ਉਨ੍ਹਾਂ ਨੂੰ ਮਾਰ ਦਿੱਤਾ ਸੀ। ਬਦਮਾਸ਼ਾਂ ਦੇ ਸਿਰ ਵਿੱਚ 9 ਐਮਐਮ ਦੀ ਗੋਲੀ ਮਾਰੀ ਗਈ ਸੀ। ਪੁਲਿਸ ਨੇ ਮੁਕਾਬਲੇ ਲਈ ਪੂਰੀ ਯੋਜਨਾ ਤਿਆਰ ਕੀਤੀ ਹੋਈ ਸੀ। ਪੁਲਸ ਤੋਂ ਬਚਣ ਲਈ ਬਦਮਾਸ਼ ਗਲਤ ਸਾਈਡ ‘ਤੇ ਐਕਟਿਵਾ ਰਾਹੀਂ ਦਾਖਲ ਹੋ ਗਏ ਸਨ ਪਰ ਪੁਲਸ ਬਦਮਾਸ਼ਾਂ ਤੱਕ ਪਹੁੰਚ ਗਈ।

ਪੁਲਿਸ ਨੂੰ ਸ਼ੱਕ ਸੀ ਕਿ ਬਦਮਾਸ਼ ਉਨ੍ਹਾਂ ‘ਤੇ ਗੋਲੀਬਾਰੀ ਕਰਨਗੇ, ਜਿਸ ਦੇ ਜਵਾਬ ‘ਚ ਪੁਲਿਸ ਨੇ ਗੋਲੀ ਚਲਾ ਕੇ ਦੋਵੇਂ ਬਦਮਾਸ਼ਾਂ ਨੂੰ ਮਾਰ ਦਿੱਤਾ। ਪੁਲਿਸ ਤੋਂ ਬਚਣ ਲਈ ਪਿਛਲੇ 12 ਦਿਨਾਂ ‘ਚ ਬਦਮਾਸ਼ਾਂ ਨੇ ਵੱਖ-ਵੱਖ ਰਾਜਾਂ ‘ਚ 15 ਤੋਂ ਵੱਧ ਥਾਵਾਂ ਬਦਲੀਆਂ ਸਨ।

ਉਹ ਵਪਾਰੀ ਨੂੰ ਧਮਕੀਆਂ ਦੇ ਕੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਪਾ ਰਹੇ ਸਨ।
ਪੁਲਿਸ ਲਗਾਤਾਰ ਬਦਮਾਸ਼ਾਂ ਦਾ ਪਿੱਛਾ ਕਰ ਰਹੀ ਸੀ। 5 ਬਦਮਾਸ਼ਾਂ ਦੀ ਗ੍ਰਿਫਤਾਰੀ ਤੋਂ ਬਾਅਦ ਮਾਸਟਰਮਾਈਂਡ ਸੰਜੀਵ ਉਰਫ ਸੰਜੂ ਬਮਨ ਨੇ ਸੰਭਵ ਜੈਨ ਅਤੇ ਤਰੁਣ ਜੈਨ ਬਾਵਾ ਨੂੰ ਫਿਰ ਤੋਂ ਧਮਕੀਆਂ ਦਿੱਤੀਆਂ ਅਤੇ ਸ਼ਿਕਾਇਤ ਵਾਪਸ ਲੈਣ ਲਈ ਦਬਾਅ ਬਣਾ ਰਿਹਾ ਸੀ। ਪੁਲਿਸ ਲਗਾਤਾਰ ਸੰਜੂ ਅਤੇ ਉਸਦੇ ਸਾਥੀ ਸ਼ੁਭਮ ਗੋਪੀ ਦਾ ਪਿੱਛਾ ਕਰ ਰਹੀ ਸੀ। ਕੱਲ੍ਹ ਦੋਰਾਹਾ ਦੇ ਟਿੱਬਾ ਪੁਲ ਨੇੜੇ ਪੁਲਿਸ ਨੇ ਬਦਮਾਸ਼ਾਂ ਨੂੰ ਘੇਰ ਲਿਆ।

ਮੁਕਾਬਲੇ ਦੌਰਾਨ ਗੈਂਗਸਟਰਾਂ ਨੇ ਪੁਲਿਸ ‘ਤੇ ਗੋਲੀਆਂ ਚਲਾ ਦਿੱਤੀਆਂ। ਜਵਾਬੀ ਕਾਰਵਾਈ ‘ਚ ਪੁਲਿਸ ਦੀ ਗੋਲੀ ਨਾਲ ਦੋਵੇਂ ਗੈਂਗਸਟਰ ਮੌਕੇ ‘ਤੇ ਹੀ ਮਾਰੇ ਗਏ। ਮੁਕਾਬਲੇ ਵਿੱਚ ਇੱਕ ਏਐਸਆਈ ਵੀ ਜ਼ਖ਼ਮੀ ਹੋਇਆ ਹੈ, ਜਿਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ  ਦੇਰ ਰਾਤ ਗੈਂਗਸਟਰਾਂ ਦੀਆਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰੱਖਵਾਇਆ ਗਿਆ। ਅੱਜ ਪੁਲਿਸ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦੇਵੇਗੀ।

ਪੁਲਿਸ ਅਤੇ ਗੈਂਗਸਟਰਾਂ ਵਿਚਾਲੇ 8 ਮਿੰਟਾਂ ‘ਚ 20 ਗੋਲੀਆਂ ਚੱਲੀਆਂ
ਇਹ ਮੁਕਾਬਲਾ ਬੀਤੀ ਸ਼ਾਮ 5.50 ਵਜੇ ਲੁਧਿਆਣਾ ਦੇ ਦੋਰਾਹਾ ਨੇੜੇ ਹੋਇਆ। 8 ਮਿੰਟ ਦੇ ਅੰਦਰ ਹੀ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ 15 ਤੋਂ 20 ਗੋਲੀਆਂ ਚੱਲੀਆਂ। ਪਹਿਲਾਂ ਬਦਮਾਸ਼ਾਂ ਨੇ ਪੁਲਿਸ ‘ਤੇ ਗੋਲੀ ਚਲਾਈ ਅਤੇ ਜਵਾਬੀ ਕਾਰਵਾਈ ‘ਚ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਜਿਸ ਤੋਂ ਬਾਅਦ ਗੈਂਗਸਟਰਾਂ ਨੇ ਪੁਲਿਸ ‘ਤੇ ਲਗਾਤਾਰ 8 ਤੋਂ 10 ਗੋਲੀਆਂ ਚਲਾਈਆਂ। ਆਪਣੇ ਬਚਾਅ ਲਈ ਪੁਲਿਸ ਨੇ 8 ਤੋਂ 10 ਗੋਲੀਆਂ ਚਲਾਈਆਂ।

ਇਸ ਸਬੰਧੀ ਸੂਚਨਾ ਮਿਲਣ ’ਤੇ ਲੁਧਿਆਣਾ ਪੁਲਿਸ ਕਮਿਸ਼ਨਰ ਕੁਲਦੀਪ ਚਾਹਲ ਮੌਕੇ ’ਤੇ ਪੁੱਜੇ। ਉਨ੍ਹਾਂ ਦੱਸਿਆ ਕਿ ਇਹ ਗੈਂਗਸਟਰ ਕਾਰੋਬਾਰੀ ਸੰਭਵ ਜੈਨ ਦੇ ਕੇਸ ਵਿੱਚ ਲੋੜੀਂਦੇ ਸਨ। ਇਸ ਮਾਮਲੇ ‘ਚ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਬੁੱਧਵਾਰ ਨੂੰ ਸੀਆਈਏ ਦੀ ਟੀਮ ਸੰਜੂ ਅਤੇ ਗੋਪੀ ਦਾ ਪਿੱਛਾ ਕਰ ਰਹੀ ਸੀ।