ਲੁਧਿਆਣਾ : ਸਫਾਈ ਬਹਾਨੇ ਨੌਕਰਾਣੀ ਨੇ ਹੌਜ਼ਰੀ ਕਾਰੋਬਾਰੀ ਦੇ ਘਰੋਂ ਲੱਖਾਂ ਦੀ ਨਕਦੀ ਤੇ ਸੋਨੇ ‘ਤੇ ਕੀਤਾ ਹੱਥ ਸਾਫ

0
421

ਲੁਧਿਆਣਾ | ਇਥੋਂ ਇਕ ਚੋਰੀ ਦੀ ਘਟਨਾ ਸਾਹਮਣੇ ਆਈ ਹੈ। ਹੌਜ਼ਰੀ ਕਾਰੋਬਾਰੀ ਦੇ ਘਰ ਕੰਮ ਕਰਨ ਆਈ ਨੌਕਰਾਣੀ ਨੇ ਸਫਾਈ ਬਹਾਨੇ ਅਲਮਾਰੀ ਸਾਫ ਕਰ ਗਈ। ਵਿਪਨ ਕੁਮਾਰ ਦਾ ਕਹਿਣਾ ਹੈ ਕਿ ਨੌਕਰਾਣੀ ਉਨ੍ਹਾਂ ਦਾ ਲੱਖਾਂ ਰੁਪਏ ਦਾ ਸੋਨਾ ਅਤੇ ਨਕਦੀ ਚੋਰੀ ਕਰਕੇ ਲੈ ਗਈ। ਉਸ ਨੇ ਦੱਸਿਆ ਕਿ ਪੁਰਾਣੀ ਨੌਕਰਾਣੀ ਉਨ੍ਹਾਂ ਕੋਲ ਪਿਛਲੇ 14 ਸਾਲ ਤੋਂ ਕੰਮ ਕਰ ਰਹੀ ਹੈ ਜੋ ਕਿ ਹੁਣ ਬੀਮਾਰ ਹੈ। ਉਕਤ ਔਰਤ ਉਨ੍ਹਾਂ ਦੀ ਪੁਰਾਣੀ ਨੌਕਰਾਣੀ ਕੋਲ ਗਈ ਅਤੇ ਇਹ ਆਖਣ ਲੱਗ ਪਈ ਕਿ ਉਸ ਨੂੰ ਕੰਮ ਦੀ ਤਲਾਸ਼ ਹੈ।

ਪੁਰਾਣੀ ਨੌਕਰਾਣੀ ਔਰਤ ਨੂੰ ਕੰਮ ਕਰਨ ਲਈ ਵਿਪਨ ਦੇ ਘਰ ਲੈ ਆਈ। ਨਵੀਂ ਨੌਕਰਾਣੀ ਘਰ ਵਿਚ ਸਫ਼ਾਈ ਦਾ ਕੰਮ ਕਰਨ ਲੱਗ ਪਈ। ਪੋਚਾ ਲਗਾਉਂਦੇ ਹੋਏ ਉਹ ਬੈੱਡਰੂਮ ਵਿਚ ਗਈ ਅਤੇ ਅਲਮਾਰੀ ਦੀਆਂ ਚਾਬੀਆਂ ਚੋਰੀ ਕਰ ਲਈਆਂ। ਬੜੇ ਹੀ ਸ਼ਾਤਿਰ ਢੰਗ ਨਾਲ ਔਰਤ ਨੇ ਅਲਮਾਰੀ ‘ਚੋਂ ਨਕਦੀ ਤੇ ਸੋਨਾ ਚੋਰੀ ਕੀਤਾ ਅਤੇ ਤਕਰੀਬਨ ਸਵਾ ਘੰਟੇ ਬਾਅਦ ਫਰਾਰ ਹੋ ਗਏ। ਅਲਮਾਰੀ ਖੁੱਲ੍ਹੀ ਦੇਖ ਪਰਿਵਾਰਕ ਮੈਂਬਰਾਂ ਨੂੰ ਸਮਝਦਿਆਂ ਦੇਰ ਨਾ ਲੱਗੀ। ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੇਖ ਸਾਰਾ ਮਾਮਲਾ ਸ਼ੀਸ਼ੇ ਵਾਂਗ ਸਾਫ਼ ਹੋ ਗਿਆ।

ਉਧਰ ਇਸ ਮਾਮਲੇ ਵਿਚ ਸਬ-ਇੰਸਪੈਕਟਰ ਗੁਰਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਕਈ ਦਿਨਾਂ ਦੀ ਤਫਤੀਸ਼ ਤੋਂ ਬਾਅਦ ਅਣਪਛਾਤੀ ਔਰਤ ਖਿਲਾਫ ਮੁਕੱਦਮਾ ਦਰਜ ਕਰਕੇ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਕਾਰੋਬਾਰੀ ਵਿਪਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਜ਼ਰੀਏ ਜਦੋਂ ਪੜਤਾਲ ਕੀਤੀ ਤਾਂ ਸਾਹਮਣੇ ਆਇਆ ਕਿ ਔਰਤ ਨੇ ਕਈ ਥਾਵਾਂ ‘ਤੇ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ।