ਲੁਧਿਆਣਾ। ਜੇਕਰ ਦੁਨੀਆ ਵਿਚ ਕੋਈ ਪਵਿੱਤਰ ਰਿਸ਼ਤਾ ਹੈ ਤਾਂ ਉਹ ਮਾਂ-ਪੁੱਤ ਦਾ ਹੈ। ਪਰ ਮੁੱਲਾਂਪੁਰ ਦਾਖਾ ਦੇ ਪਿੰਡ ਭਨੌੜ ਵਿਚ ਇਕ ਮਹਿਲਾ ਨੇ ਆਪਣੇ ਚਾਰ ਸਾਲਾ ਮਾਸੂਮ ਬੱਚੇ ਵਿਰਾਜ ਨੂੰ ਚਾਕੂ ਮਾਰ ਮਾਰ ਕੇ ਕਤਲ ਕਰ ਦਿੱਤਾ।
ਕਤਲ ਦੇ ਬਾਅਦ ਲਾਸ਼ ਬੋਰੇ ਵਿਚ ਪਾ ਕੇ ਛੱਪੜ ਵਿਚ ਸੁੱਟ ਦਿੱਤੀ। ਇਸਤੋਂ ਬਾਅਦ ਉਸਨੇ ਪੁਲਿਸ ਅੱਗੇ ਡਰਾਮਾ ਕੀਤਾ ਪਰ ਪੁਲਿਸ ਦੀ ਸਖਤੀ ਅੱਗੇ ਉਹ ਟੁੱਟ ਗਈ। ਬਬਿਤਾ ਦੀ ਨਿਸ਼ਾਨਦੇਹੀ ਉਤੇ ਪੁਲਿਸ ਨੇ ਜੇਸੀਬੀ ਦੀ ਮਦਦ ਨਾਲ ਛੱਪੜ ਵਿਚੋਂ ਲਾਸ਼ ਨੂੰ ਬਰਾਮਦ ਕਰ ਲਿਆ।
ਪਰਿਵਾਰ ਉਤਰ ਪ੍ਰਦੇਸ਼ ਦੇ ਜਿਲ੍ਹਾ ਪ੍ਰਤਾਪਗੜ੍ਹ ਦੇ ਪਿੰਡ ਸਰਾਏਤਾਪ ਤੋਂ ਰੋਜੀ-ਰੋਟੀ ਲਈ ਆਇਆ ਸੀ। ਵਿਰਾਜ ਦੇ ਕਤਲ ਤੋਂ ਪਹਿਲਾਂ ਸ਼ਾਮ ਲਾਲ ਤੇ ਬਬਿਤਾ ਦੇ ਤਿੰਨ ਹੋਰ ਪੁੱਤਰ ਵੀ ਸ਼ੱਕੀ ਹਾਲਾਤ ਵਿਚ ਲਾਪਤਾ ਹੋ ਚੁੱਕੇ ਹਨ।
ਭਨੌੜ ਪਿੰਡ ਦੇ ਜਿਮੀਂਦਾਰ ਦੀ ਹਵੇਲੀ ਵਿਚ ਪਰਿਵਾਰ ਸਣੇ ਰਹਿੰਦਾ ਹੈ। ਉਸਦੀ ਪਤਨੀ ਨੇ ਆ ਕੇ ਆਪਣੇ ਪੁੱਤਰ ਵਿਰਾਜ ਦੇ ਲਾਪਤਾ ਹੋਣ ਦੀ ਜਾਣਕਾਰੀ ਦਿੱਤੀ। ਪਰ ਇਸੇ ਦੌਰਾਨ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਈ, ਜਿਸ ਵਿਚ ਬਬਿਤਾ ਵਿਰਾਜ ਦੇ ਨਾਲ ਜਾਂਦੀ ਦਿਸ ਰਹੀ ਹੈ।
ਦੂਸਰੀ ਸੀਸੀਟੀਵੀ ਫੁਟੇਜ ਵਿਚ ਬਬਿਤਾ ਸਿਰ ਤੇ ਟੋਕਰੀ ਵਿਚ ਇਕ ਬੋਰਾ ਲੈ ਕੇ ਜਾਂਦੀ ਦਿਖਾਈ ਦਿੱਤੀ। ਇਸ ਤੋਂ ਬਾਅਦ ਲੋਕਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਬਬਿਤਾ ਨੂੰ ਬੰਨ੍ਹ ਲਿਆ ਤੇ ਪੁਲਿਸ ਨੂੰ ਸੂਚਿਤ ਕੀਤਾ।
ਦਾਖਾ ਪੁਲਿਸ ਨੇ ਬਬਿਤਾ ਨੂੰ ਹਿਰਾਸਤ ਵਿਚ ਲੈ ਕੇ ਸਖਤੀ ਨਾਲ ਪੁੱਛਪੜਤਾਲ ਕੀਤੀ ਤਾਂ ਉਸਨੇ ਬੇਟੇ ਵਿਰਾਜ ਦੇ ਕਤਲ ਦਾ ਜੁਰਮ ਕਬੂਲ ਲਿਆ ਸ਼ਾਮ ਲਾਲ ਨੇ ਆਪਣੇ ਬਿਆਨ ਵਿਚ ਕਿਹਾ ਕਿ ਇਸਤੋਂ ਪਹਿਲਾਂ ਵੀ ਉਸਦੇ ਤਿੰਨ ਮਾਸੂਮ ਬੱਚਿਆਂ ਦੀ ਸ਼ੱਕੀ ਹਾਲਾਤ ਵਿਚ ਮੌਤ ਹੋ ਚੁੱਕੀ ਹੈ, ਉਸਨੂੰ ਵੀ ਉਸਦੀ ਪਤਨੀ ਨੇ ਹੀ ਮਾਰਿਆ ਹੈ।
ਦੂਜੇ ਪਾਸੇ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਗੁਰਪ੍ਰੀਤ ਸਿੰਘ ਦੀ ਕਹਿਣਾ ਹੈ ਕਿ ਬਬਿਤਾ ਦਿਮਾਗੀ ਤੌਰ ਤੇ ਬਿਮਾਰ ਹੈ ਤੇ ਉਸਦਾ ਇਲਾਜ ਲੁਧਿਆਣਾ ਦੇ ਸੀਐਮਸੀ ਹਸਪਤਾਲ ਤੋਂ ਚੱਲ ਰਿਹਾ ਹੈ, ਪਰ ਉਸਦੇ ਪਤੀ ਨੇ ਡੇਢ ਸਾਲ ਤੋਂ ਉਸਨੂੰ ਦਵਾਈ ਨਹੀਂ ਲੈ ਕੇ ਦਿੱਤੀ।