ਲੁਧਿਆਣਾ : ਯੂਟਿਊਬਰ ਵਲੋਂ ਲੜਾਈ ਦੀ ਵੀਡੀਓ ਵਾਇਰਲ ਕਰਨੀ ਪਈ ਮਹਿੰਗੀ, 25-30 ਹਮਲਾਵਰਾਂ ਨੇ ਘਰ ਵੜ ਕੇ ਕੀਤਾ ਹਮਲਾ

0
1525

ਲੁਧਿਆਣਾ, 21 ਦਸੰਬਰ| ਬੀਤੀ ਰਾਤ ਲੁਧਿਆਣਾ ਦੇ ਟਿੱਬਾ ਰੋਡ ਦੀ ਗਰੇਵਾਲ ਕਾਲੋਨੀ ਵਿਚ ਪੱਚੀ ਤੋਂ ਤੀਹ ਬਦਮਾਸ਼ਾਂ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਇੱਕ ਘਰ ‘ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਕੋਲ ਤਲਵਾਰਾਂ, ਦਾਤ ਸਮੇਤ ਹੋਰ ਮਾਰੂ ਹਥਿਆਰ ਸਨ। ਹਮਲਾਵਰਾਂ ਨੇ ਘਰ ਦੇ ਦਰਵਾਜ਼ਿਆਂ ਸਣੇ ਘਰ ਦੇ ਬਾਹਰ ਖੜ੍ਹੀਆਂ ਗਵਾਂਢੀਆਂ ਦੀਆਂ ਗੱਡੀਆਂ ਤੱਕ ਭੰਨ ਦਿੱਤੀਆਂ।

ਜਾਣਕਾਰੀ ਅਨੁਸਾਰ ਇਕ ਯੂਟਿਊਬਰ ਨੇ ਉਕਤ ਨੌਜਵਾਨਾਂ ਨਾਲ ਕੁੱਟਮਾਰ ਦੀ ਵੀਡਿਓ ਬਣਾ ਕੇ ਸ਼ੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ ਸੀ, ਜੋ ਕਿ ਹਮਲੇ ਦਾ ਅਸਲੀ ਕਾਰਣ ਬਣੀ। ਪੂਰੇ ਮੁਹੱਲੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਇਹ ਸਾਰੀ ਘਟਨਾ ਗਲੀ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।

ਮੁਹੱਲਾ ਵਾਸੀਆਂ ਦਾ ਕਹਿਣਾ ਸੀ ਕਿ ਰਾਤ ਸਮੇਂ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਸੀ ਪਰ ਪੁਲਿਸ ਦੇ ਆਉਣ ਤੋਂ ਪਹਿਲਾਂ ਹੀ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਸਨ। ਜਦੋਂ ਇਸ ਹਮਲੇ ਸਬੰਧੀ  ਰਵੀ ਨਾਮ ਦੇ ਲੜਕੇ ਨਾਲ ਜੋ ਕਿ ਹਮਲਾ ਹੋਏ ਮਕਾਨ ਵਿੱਚ ਕਿਰਾਏ ‘ਤੇ ਰਹਿੰਦਾ ਹੈ, ਗੱਲਬਾਤ ਕੀਤੀ ਗਈ ਤਾਂ ਉਸ ਦਾ ਕਹਿਣਾ ਸੀ ਕਿ ਉਹ ਸ਼ੋਸ਼ਲ ਮੀਡੀਆ ‘ਤੇ ਵੀਡੀਓਜ਼ ਬਣਾ ਕੇ ਅਪਲੋਡ ਕਰਦਾ ਹੈ। ਕੁੱਝ ਲੋਕ ਉਸ ਦੇ ਫਾਲੋਅਰਜ਼ ਦੀ ਵਧੀ ਗਿਣਤੀ ਤੋਂ ਖਾਰ ਖਾਂਦੇ ਹਨ ਅਤੇ ਉਸ ਨੂੰ ਧਮਕੀਆਂ ਦੇ ਰਹੇ ਹਨ, ਜਿਸ ਦੇ ਕਾਰਨ ਹੀ ਉਸ ਦੇ ਘਰ ‘ਤੇ ਹਮਲਾ ਕੀਤਾ ਗਿਆ ਹੈ।

ਇਸ ਮਾਮਲੇ ਬਾਰੇ ਥਾਣਾ ਟਿੱਬਾ ਦੇ ਇੰਚਾਰਜ ਲਵਦੀਪ ਸਿੰਘ ਦਾ ਕਹਿਣਾ ਸੀ ਕਿ ਕਿਸੇ ਨੂੰ ਵੀ ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਜਿਸ ਘਰ ‘ਤੇ ਹਮਲਾ ਹੋਇਆ ਹੈ, ਉਸਦੇ ਮਾਲਕ ਵਲੋਂ ਹਾਲੇ ਤੱਕ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਮੁਹੱਲੇ ਦੇ ਮੋਹਤਬਰ ਵਿਆਕਤੀਆਂ ਵੱਲੋਂ ਮਿਲੀ ਸ਼ਿਕਾਇਤ ਮੁਤਾਬਿਕ ਪੁਲਿਸ ਵੱਲੋਂ ਜ਼ਰੂਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਬਹੁਤ ਜਲਦ ਹੀ ਦੋਸ਼ੀਆਂ ਨੂੰ ਕਾਬੂ ਕੀਤਾ ਜਾਏਗਾ।