ਲੁਧਿਆਣਾ। ਸ੍ਰੀ ਭੈਣੀ ਸਾਹਿਬ ਤੋਂ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ ਜਿਥੇ ਇਕ ਕਲਯੁੱਗੀ ਪਿਓ ਨੇ ਆਪਣਾ ਢਾਈ ਸਾਲਾ ਬੱਚਾ ਨਹਿਰ ਵਿਚ ਸੁੱਟ ਦਿੱਤਾ। ਬੱਚੇ ਨੂੰ ਨਹਿਰ ਵਿਚ ਸੁੱਟਣ ਦੇ ਬਾਅਦ ਮੁਲਜ਼ਮ ਨੇ ਖੁਦ ਵੀ ਖੁਦਕੁਸ਼ੀ ਕਰਨ ਬਾਰੇ ਸੋਚਿਆ ਪਰ ਹਿੰਮਤ ਨਾ ਕਰ ਸਕਿਆ।
ਮੁਲਜ਼ਮ ਦੀ ਪਛਾਣ ਭੁਪਿੰਦਰ ਸਿੰਘ ਵਾਸੀ ਸ੍ਰੀ ਭੈਣੀ ਸਾਹਿਬ ਵਜੋਂ ਹੋਈ ਹੈ। ਉਸ ਨੇ ਦੱਸਿਆ ਕਿ ਉਸ ਦੀ ਹਰਜੀਤ ਕੌਰ ਨਾਲ ਲਵਮੈਰਿਜ ਹੋਈ ਸੀ। ਪਤਨੀ ਬੁਟੀਕ ਚਲਾਉਂਦੀ ਹੈ ਪਰ ਉਹ ਖੁਦ 8ਵੀਂ ਪਾਸ ਹੋਣ ਕਰਕੇ ਕੋਈ ਕੰਮ ਨਹੀਂ ਕਰਦਾ ਜਿਸ ਕਾਰਨ ਉਹ ਘਰ ਜਵਾਈ ਬਣ ਕੇ ਰਹਿ ਰਿਹਾ ਸੀ। ਕੰਮ ਨਾ ਕਰਨ ਕਰਕੇ ਉਸ ਦਾ ਅਕਸਰ ਆਪਣੀ ਪਤਨੀ ਨਾਲ ਝਗੜਾ ਹੁੰਦਾ ਸੀ ਤੇ ਸਹੁਰੇ ਵਾਲੇ ਉਸ ਨੂੰ ਅਕਸਰ ਤਾਅਨੇ ਮਾਰਦੇ ਰਹਿੰਦੇ ਸਨ।
ਭੁਪਿੰਦਰ ਸਿੰਘ ਸ਼ਰਾਬ ਪੀਣ ਦਾ ਵੀ ਬਹੁਤ ਆਦੀ ਸੀ। 11 ਸਤੰਬਰ ਨੂੰ ਉਸ ਨੇ ਸ਼ਰਾਬ ਪੀਤੀ ਅਤੇ ਆਪਣੇ ਢਾਈ ਸਾਲ ਦੇ ਪੁੱਤ ਨੂੰ ਲੈ ਕੇ ਖ਼ੁਦਕੁਸ਼ੀ ਕਰਨ ਚਲਾ ਗਿਆ। ਉਸ ਨੇ ਆਪਣੇ ਪੁੱਤਰ ਨੂੰ ਪੁਲ ’ਤੇ ਨਹਿਰ ਵਿਚ ਧੱਕਾ ਦੇ ਦਿੱਤਾ ਪਰ ਉਸ ਦੀ ਨਹਿਰ ’ਚ ਛਾਲ ਮਾਰਨ ਦੀ ਹਿੰਮਤ ਨਹੀਂ ਪਈ ਪਰ ਡਰ ਕਾਰਨ ਉਹ ਵਾਪਸ ਘਰ ਵੀ ਨਹੀਂ ਆਇਆ।
ਜਦੋਂ ਭੁਪਿੰਦਰ ਘਰ ਵਾਪਸ ਨਹੀਂ ਪਰਤਿਆ ਤਾਂ ਪਤਨੀ ਹਰਜੀਤ ਕੌਰ ਨੇ ਥਾਣੇ ਵਿਚ ਪਤੀ ਤੇ ਪੁੱਤਰ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾ ਦਿੱਤੀ। ਪੁਲਿਸ ਨੇ ਦੋਵਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਦੂਜੇ ਦਿਨ ਪੁਲਿਸ ਨੇ ਭੁਪਿੰਦਰ ਸਿੰਘ ਨੂੰ ਫੜ ਲਿਆ ਤੇ ਉਸ ਕੋਲੋਂ ਪੁੱਛਗਿਛ ਕੀਤੀ ਤਾਂ ਉਸ ਨੇ ਆਪਣਾ ਜ਼ੁਲਮ ਕਬੂਲ ਕਰ ਲਿਆ।