ਲੁਧਿਆਣਾ : ਘੋੜਾ ਖਰੀਦਣ ਦੇ ਨਾਂ ‘ਤੇ ਨੌਸਰਬਾਜ਼ਾਂ ਨੇ ਕਾਰੋਬਾਰੀ ਨੂੰ ਲਗਾਇਆ 22 ਲੱਖ ਦਾ ਚੂਨਾ, ਪੜ੍ਹੋ ਕਿੰਝ ਬਣਾਇਆ ਸ਼ਿਕਾਰ

0
484


ਲੁਧਿਆਣਾ |
ਸ਼ਾਤਿਰ ਠੱਗ ਗਿਰੋਹ ਨੇ ਸਾਜ਼ਿਸ਼ ਤਹਿਤ ਡੇਅਰੀ ਕਾਰੋਬਾਰੀ ਨਾਲ ਘੋੜੇ ਦਾ ਸੌਦਾ 91 ਲੱਖ ਵਿਚ ਕਰ ਦਿੱਤਾ। ਪੇਸ਼ਗੀ ਦੇ ਤੌਰ ‘ਤੇ ਕਾਰੋਬਾਰੀ ਕੋਲੋਂ 22 ਲੱਖ ਦੀ ਰਕਮ ਵੀ ਹਾਸਲ ਕਰ ਲਈ। ਇਸ ਮਾਮਲੇ ਸਬੰਧੀ 23 ਸਤੰਬਰ ਨੂੰ ਡੇਅਰੀ ਕਾਰੋਬਾਰੀ ਐਲਡੀਕੋ ਅਸਟੇਟ ਦੇ ਵਾਸੀ ਮਨੀਸ਼ ਮਲਹੋਤਰਾ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ।

ਜਾਣਕਾਰੀ ਦਿੰਦਿਆਂ ਮਨੀਸ਼ ਮਲਹੋਤਰਾ ਨੇ ਦੱਸਿਆ ਕਿ 25 ਅਗਸਤ ਨੂੰ ਉਨ੍ਹਾਂ ਦੇ ਦਫਤਰ ਵਿਚ ਸੋਨੂੰ ਨਾਮ ਦਾ ਵਿਅਕਤੀ ਆਇਆ। ਅਗਲੇ ਦਿਨ ਐਨਆਰਆਈ ਦੱਸ ਕੇ ਇਕ ਵਿਅਕਤੀ ਨੂੰ ਨਾਲ ਲੈ ਕੇ ਆਇਆ ਅਤੇ ਉਸ ਨੇ ਮਨੀਸ਼ ਕੋਲੋਂ ਮੱਝ ਖਰੀਦਣ ਦੀ ਗੱਲ ਆਖ ਕੇ 10 ਹਜ਼ਾਰ ਰੁਪਏ ਐਡਵਾਂਸ ਦੇ ਦਿੱਤੇ।

ਕੁਝ ਦਿਨਾਂ ਬਾਅਦ ਸੋਨੂੰ ਫਿਰ ਆਇਆ ਅਤੇ ਮਨੀਸ਼ ਨੂੰ ਇਹ ਆਖਿਆ ਕਿ ਇਕ ਵਿਅਕਤੀ ਕੋਲ ਬੇਸ਼ਕੀਮਤੀ ਘੋੜਾ ਹੈ, ਜੋ ਮਾਰਕੀਟ ਵਿਚ ਕਰੋੜਾਂ ਰੁਪਏ ਦਾ ਵਿੱਕ ਜਾਵੇਗਾ। ਘੋੜਾ ਖਰੀਦ ਲਿਆ ਜਾਵੇ ਤਾਂ ਮੋਟਾ ਮੁਨਾਫਾ ਹੋਵੇਗਾ। ਮਨੀਸ਼ ਨੇ ਘੋੜਾ ਖਰੀਦਣ ਦੀ ਹਾਮੀ ਭਰ ਦਿੱਤੀ। ਮਨੀਸ਼ ਇਸ ਗੱਲ ਤੋਂ ਬੇਖ਼ਬਰ ਸੀ ਕਿ ਪੂਰਾ ਗਿਰੋਹ ਉਸ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਵਿਸ਼ਵਾਸ਼ ਬਣਾਉਣ ਲਈ ਸੋਨੂੰ ਨੇ 8 ਲੱਖ ਰੁਪਏ ਦੀ ਰਕਮ ਆਪਣੇ ਕੋਲੋਂ ਦੇ ਦਿੱਤੀ। ਸੌਦਾ 91 ਲੱਖ ਰੁਪਏ ਵਿਚ ਤੈਅ ਹੋ ਗਿਆ।

ਲੁਧਿਆਣਾ ਵਾਪਸ ਪਰਤਣ ‘ਤੇ ਮਨੀਸ਼ ਨੇ ਉਸ ਵਿਅਕਤੀ ਦੇ ਖਾਤੇ ਵਿਚ 12 ਲੱਖ ਰੁਪਏ ਟਰਾਂਸਫਰ ਕਰ ਦਿੱਤੇ ਅਤੇ ਕੁਝ ਦਿਨਾਂ ਬਾਅਦ 8 ਲੱਖ ਰੁਪਏ ਨਕਦ ਵੀ ਦੇ ਦਿੱਤੇ। ਇਸੇ ਦੌਰਾਨ ਮਨੀਸ਼ ਨੂੰ ਪਤਾ ਲੱਗਾ ਕਿ ਉਸ ਨਾਲ ਠੱਗੀ ਹੋ ਰਹੀ ਹੈ। ਉਸ ਨੇ ਇਸ ਸਬੰਧੀ ਪੁਲਿਸ ਨੂੰ ਸੂਚਨਾ ਦਿੱਤੀ। ਪੜਤਾਲ ਕਰਨ ਲਈ ਜਦੋਂ ਪੁਲਿਸ ਫਾਰਮਹਾਊਸ ਗਈ ਤਾਂ ਪਤਾ ਲੱਗਾ ਕਿ ਐਨਆਰਆਈ ਦਾ ਨਹੀਂ ਬਲਕਿ ਕਿਸੇ ਹੋਰ ਵਿਅਕਤੀ ਦਾ ਫਾਰਮ ਹਾਊਸ ਸੀ। ਇਸ ਮਾਮਲੇ ਸਬੰਧੀ ਮਨੀਸ਼ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੱਤੀ। ਕਈ ਮਹੀਨਿਆਂ ਤਕ ਚੱਲੀ ਪੜਤਾਲ ਤੋਂ ਬਾਅਦ ਪੁਲਿਸ ਨੇ ਸੋਨੂੰ ਨਾਂ ਦੇ ਵਿਅਕਤੀ ਖਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ।