ਲੁਧਿਆਣਾ, ਜਗਰਾਓਂ, 12 ਸਤੰਬਰ | ਇਥੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਪੁੱਤ ਹੋਣ ਦੀ ਖ਼ੁਸ਼ੀ ’ਚ ਅਖਾੜਾ ਨਹਿਰ ’ਤੇ ਸੁੱਖ ਲਾਹੁਣ ਗਿਆ ਪਿਤਾ ਅਚਾਨਕ ਲਾਪਤਾ ਹੋ ਗਿਆ। ਉਸ ਦੇ ਨਹਿਰ ’ਚ ਪ੍ਰਸ਼ਾਦ ਪਾਉਂਦਿਆਂ ਰੁੜ੍ਹ ਜਾਣ ਦੇ ਖ਼ਤਰੇ ਨੂੰ ਭਾਂਪਦਿਆਂ ਗੋਤਾਖੋਰਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਐਤਵਾਰ ਨਵਜੰਮੇ ਬੱਚੇ ਦੇ 13ਵੇਂ ’ਤੇ ਰਵਾਇਤ ਅਨੁਸਾਰ ਘਰ ’ਚ ਸਮਾਗਮ ਕਰਵਾਇਆ ਗਿਆ।
ਦੁਪਹਿਰ ਮਿੱਠੇ ਚੌਲ ਬਣਾ ਕੇ ਅਖਾੜਾ ਨਹਿਰ ’ਤੇ ਪ੍ਰਸ਼ਾਦ ਚੜ੍ਹਾਉਣ ਲਈ ਮਨਜੀਤ ਆਪਣੇ ਮੋਟਰਸਾਈਕਲ ’ਤੇ ਚਲਾ ਗਿਆ। ਕਾਫੀ ਸਮਾਂ ਬੀਤਣ ’ਤੇ ਵੀ ਜਦੋਂ ਵਾਪਸ ਨਾ ਆਇਆ ਤਾਂ ਪਰਿਵਾਰ ਉਸ ਦਾ ਪਤਾ ਕਰਨ ਲਈ ਅਖਾੜਾ ਨਹਿਰ ਪੁੱਜਾ। ਨਹਿਰ ’ਤੇ ਮਨਜੀਤ ਦਾ ਮੋਟਰਸਾਈਕਲ ਤੇ ਨਹਿਰ ਕੰਡੇ ਪਈਆਂ ਉਸ ਦੀਆਂ ਚੱਪਲਾਂ ਦੇਖ ਕੇ ਪਰਿਵਾਰ ਪਰੇਸ਼ਾਨ ਹੋ ਗਿਆ ਤੇ ਉਨ੍ਹਾਂ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਤੋਂ ਬਾਅਦ ਗੋਤਾਖੋਰਾਂ ਨੂੰ ਬੁਲਾਇਆ ਗਿਆ ਕਿਉਂਕਿ ਖਦਸ਼ਾ ਪ੍ਰਗਟਾਇਆ ਜਾ ਰਿਹਾ ਸੀ ਕਿ ਪ੍ਰਸ਼ਾਦ ਚੜ੍ਹਾਉਂਦਿਆਂ ਮਨਜੀਤ ਦਾ ਪੈਰ ਨਾ ਤਿਲਕ ਗਿਆ ਹੋਵੇ, ਜਿਸ ਕਾਰਨ ਉਹ ਨਹਿਰ ’ਚ ਡਿੱਗ ਪਿਆ ਹੋਵੇ। ਪੁੱਤ ਦੇ ਜਨਮ ਲੈਣ ’ਤੇ ਘਰ ਵਿਚ ਖੁਸ਼ੀਆਂ ਦਾ ਮਾਹੌਲ ਮਨਜੀਤ ਦੇ ਲਾਪਤਾ ਹੋਣ ਕਾਰਨ ਗਮਗੀਨ ਹੋ ਗਿਆ। ਪੂਰਾ ਪਰਿਵਾਰ ਰੋ-ਰੋ ਕੇ ਬੇਸੁੱਧ ਹੋ ਗਿਆ ਹੈ।