ਲੁਧਿਆਣਾ : ਨਾਜਾਇਜ਼ ਚੱਲ ਰਹੇ ਸਕੈਨਿੰਗ ਸੈਂਟਰ ‘ਤੇ ਛਾਪੇਮਾਰੀ, ਅਲਟਰਾਸਾਊਂਡ ਮਸ਼ੀਨ ਕੀਤੀ ਜ਼ਬਤ, ਕੀਤਾ ਜਾ ਰਿਹਾ ਸੀ ਲਿੰਗ ਨਿਰਧਾਰਤ ਟੈਸਟ

0
905

ਲੁਧਿਆਣਾ : ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰੀਤ ਸਿੰਘ ਵੱਲੋਂ ਅੱਜ ਗਿੱਲ ਰੋਡ ‘ਤੇ ਸਥਿਤ ਇਕ ਨਾਜਾਇਜ਼ ਚੱਲ ਰਹੇ ਸਕੈਨਿੰਗ ਸੈਂਟਰ ‘ਤੇ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਪੋਰਟੇਬਲ ਮਸ਼ੀਨ ਜ਼ਬਤ ਕਰ ਲਈ ਹੈ ।

ਮਿਲੀ ਜਾਣਕਾਰੀ ਜਾਣਕਾਰੀ ਅਨੁਸਾਰ ਸਿਵਲ ਸਰਜਨ ਡਾ. ਹਿਤਿੰਦਰ ਕੌਰ ਕਲੇਰ ਅਤੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਅੱਜ ਕਰਨੈਲ ਸਿੰਘ ਨਗਰ ਗਲੀ 4, ਸਾਹਮਣੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਲੁਧਿਆਣਾ ਵਿਚ ਅਣਅਧਿਕਾਰਤ ਤੌਰ ‘ਤੇ ਚੱਲ ਰਹੇ ਸਕੈਨ ਸੈਂਟਰ ‘ਤੇ ਛਾਪਾ ਮਾਰ ਕੇ ਪੋਰਟੇਬਲ ਅਲਟਰਾਸਾਊਂਡ ਮਸ਼ੀਨ ਬਰਾਮਦ ਕੀਤੀ ਗਈ ਹੈ।

ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਕਰਨੈਲ ਸਿੰਘ ਨਗਰ ਵਿੱਚ ਲਿੰਗ ਨਿਰਧਾਰਤ ਟੈਸਟ ਕੀਤੇ ਜਾ ਰਹੇ ਹਨ ਤਾਂ ਅਸੀਂ ਇੱਕ ਟੀਮ ਦਾ ਗਠਨ ਕੀਤਾ । ਮੌਕਾ ਮਿਲਦਿਆਂ ਹੀ ਛਾਪੇਮਾਰੀ ਕਰ ਕੇ ਮਸ਼ੀਨ ਨੂੰ ਜ਼ਬਤ ਕਰ ਲਿਆ ਹੈ ਅਤੇ ਦੋਸ਼ੀਆਂ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।