ਲੁਧਿਆਣਾ : ਟਰੱਕ ਦੀ ਲਪੇਟ ‘ਚ ਆਉਣ ਨਾਲ ਪਤੀ-ਪਤਨੀ ਦੀ ਮੌਤ, ਟਰੱਕ ਮਾਲਕ ਖਿਲਾਫ ਪਰਿਵਾਰਕ ਮੈਂਬਰਾਂ ਰੋਡ ਕਰ’ਤਾ ਜਾਮ

0
2503

ਲੁਧਿਆਣਾ, 11 ਮਾਰਚ | ਪਿੰਡ ਭੱਠਾ ਧੂਆ ‘ਚ ਐਤਵਾਰ ਨੂੰ ਇਕ ਟਰੱਕ ਦੀ ਲਪੇਟ ‘ਚ ਆਉਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਸ਼ਰਾਬ ਦੇ ਨਸ਼ੇ ‘ਚ ਸੀ। ਟਰੱਕ ਡਰਾਈਵਰ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ।
ਮ੍ਰਿਤਕਾਂ ਦੀ ਪਛਾਣ ਪ੍ਰਦੀਪ ਸਿੰਘ (33) ਤੇ ਮਨਦੀਪ ਕੌਰ (30) ਵਜੋਂ ਹੋਈ ਹੈ। ਜੋੜਾ ਆਪਣੇ ਪਿੱਛੇ 4 ਸਾਲ ਦਾ ਪੁੱਤਰ ਅਤੇ 2 ਸਾਲ ਦੀ ਬੇਟੀ ਛੱਡ ਗਿਆ ਹੈ। ਪ੍ਰਦੀਪ ਸਿੰਘ ਇਕ ਪ੍ਰਾਈਵੇਟ ਬੈਂਕ ‘ਚ ਕੰਮ ਕਰਦਾ ਸੀ ਅਤੇ ਉਸ ਦੀ ਪਤਨੀ ਇਕ ਪ੍ਰਾਈਵੇਟ ਸਕੂਲ ‘ਚ ਅਧਿਆਪਕ ਸੀ।

ਹਾਦਸਾ ਇੰਨਾ ਭਿਆਨਕ ਸੀ ਕਿ ਦੋਵੇਂ ਪਤੀ-ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪਿੰਡ ਛੰਗਾਨਾ ਵਜੋਂ ਹੋਈ ਹੈ। ਇਹ ਦੋਵੇਂ ਬੁਲੇਟ  ‘ਤੇ ਕਿਸੇ ਰਿਸ਼ਤੇਦਾਰ ਦੇ ਸਮਾਗਮ ‘ਚ ਸ਼ਾਮਲ ਹੋਣ ਲਈ ਨਕੋਦਰ ਜਾ ਰਹੇ ਸਨ। ਇਕ ਤੇਜ਼ ਰਫਤਾਰ ਟਰੱਕ ਚਾਲਕ ਨੇ ਉਨ੍ਹਾਂ ਨੂੰ ਪਿੱਛੇ ਤੋਂ ਕੁਚਲ ਦਿੱਤਾ। ਲੋਕਾਂ ਅਨੁਸਾਰ ਇਹ ਟਰੱਕ ਇੱਕ ਸ਼ੈਲਰ ਮਾਲਕ ਦਾ ਹੈ। ਟਰੱਕ ‘ਚੋਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਵਾਹਨ ਦਾ ਦਸਤਾਵੇਜ਼ ਬਰਾਮਦ ਨਹੀਂ ਹੋਇਆ।ਲੋਕਾਂ ਨੇ ਘਟਨਾ ਵਾਲੀ ਥਾਂ ‘ਤੇ ਧਰਨਾ ਦਿੱਤਾ ਅਤੇ ਟਰੱਕ ਮਾਲਕ ਦੀ ਗ੍ਰਿਫਤਾਰੀ ਦੀ ਮੰਗ ਕੀਤੀ।

ਪੁਲਿਸ ਮੁਲਾਜ਼ਮਾਂ ਨੇ ਮੌਕੇ ‘ਤੇ ਪਹੁੰਚ ਕੇ ਮਾਮਲਾ ਸ਼ਾਂਤ ਕਰਵਾਇਆ। ਥਾਣਾ ਮੁੱਲਾਪੁਰ ਦੀ ਪੁਲਿਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਐਸਐਚਓ ਜਸਵੀਰ ਸਿੰਘ ਤੂਰ ਘਟਨਾ ਵਾਲੀ ਥਾਂ ’ਤੇ ਪੁੱਜੇ। ਜਸਵੀਰ ਸਿੰਘ ਅਨੁਸਾਰ ਦੋਸ਼ੀ ਟਰੱਕ ਡਰਾਈਵਰ ਨੂੰ ਫੜ ਲਿਆ ਗਿਆ ਹੈ। ਉਸ ਦਾ ਮੈਡੀਕਲ ਕਰਵਾਇਆ ਗਿਆ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਕੇ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।