ਲੁਧਿਆਣਾ : 2 ਕਿੱਲੋ 800 ਗ੍ਰਾਮ ਹੈਰੋਇਨ ਸਣੇ ਜਿੰਮ ਟ੍ਰੇਨਰ ਗ੍ਰਿਫ਼ਤਾਰ; ਲਾਕਡਾਊਨ ਪਿੱਛੋਂ ਹੈਰੋਇਨ ਦੇ ਨਸ਼ੇ ‘ਤੇ ਲੱਗਾ, ਫਿਰ ਕਰਨ ਲੱਗ ਪਿਆ ਸਪਲਾਈ

0
563

ਲੁਧਿਆਣਾ: ਲੁਧਿਆਣਾ ਵਿੱਚ ਐਸਟੀਐਫ ਟੀਮ ਵੱਲੋਂ 2 ਕਿੱਲੋ 800 ਗ੍ਰਾਮ ਹੈਰੋਇਨ ਸਮੇਤ ਇਕ ਜਿੰਮ ਟ੍ਰੇਨਰ ਨੂੰ ਗ੍ਰਿਫ਼ਤਾਰ ਕੀਤਾ ਹੈ।  ਐੱਸਟੀਐੱਫ ਮੁਤਾਬਕ ਗੁਪਤ ਸੂਚਨਾ ਦੇ ਆਧਾਰ ਉੱਤੇ ਲੁਧਿਆਣਾ ਦੇ ਕੋਟ ਮੰਗਲ ਸਿੰਘ ਸ਼ਿਮਲਾਪੁਰੀ ਦੇ ਕੋਲ ਨਾਕੇਬੰਦੀ ਕੀਤੀ ਹੋਈ ਸੀ, ਜਿਸ ਦੌਰਾਨ ਇਕ ਸਵਿਫਟ ਗੱਡੀ ਨੂੰ ਰੋਕਿਆ ਗਿਆ ਗੱਡੀ ਦੀ ਤਲਾਸ਼ੀ ਲੈਣ ਦੌਰਾਨ ਡਰਾਈਵਰ ਸੀਟ ਦੇ ਥੱਲੇ ਹੈਰੋਇਨ ਦੀ ਖੇਪ ਸਮੇਤ ਇਕ ਇਲੈਕਟ੍ਰੋਨਿਕ ਕੰਡਾ ਬਰਾਮਦ ਹੋਇਆ।

ਐੱਸਟੀਐੱਫ ਮੁਤਾਬਕ ਨਸ਼ਾ ਤਸਕਰ ਦਾ ਨਾਮ ਜਸਪਾਲ ਸਿੰਘ ਉਰਫ ਦੀਪਾ 25 ਸਾਲ ਹੈ। ਜਿਹੜਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਸ਼ਿਮਲਾਪੁਰੀ ਇਲਾਕੇ ਦਾ ਰਹਿਣ ਵਾਲਾ ਹੈ। ਜੋ ਕਾਫੀ ਸਮੇਂ ਤੋਂ ਹੈਰੋਇਨ ਵੇਚਣ ਦਾ ਨਾਜਾਇਜ਼ ਧੰਦਾ ਕਰ ਰਿਹਾ ਸੀ। ਐੱਸਟੀਐੱਫ ਅਧਿਕਾਰੀ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਉਰਫ਼ ਦੀਪਾ ਇੱਕ ਜਿੰਮ ਟ੍ਰੇਨਰ ਸੀ। ਉਨ੍ਹਾਂ ਨੇ ਕਿਹਾ ਹੈ ਕਿ ਪੁਛਗਿੱਛ ਦੌਰਾਨ ਜਸਪਾਲ ਨੇ ਦੱਸਿਆ ਕਿ ਲਾਕਡਾਊਨ ਲੱਗਣ ਕਾਰਨ ਉਸ ਨੇ ਜਿੰਮ ਟ੍ਰੇਨਰ ਦਾ ਕੰਮ ਛੱਡ ਦਿੱਤਾ ਸੀ ਅਤੇ ਉਹ ਹੈਰੋਇਨ ਦਾ ਸੇਵਨ ਕਰਨ ਲੱਗ ਪਿਆ ਸੀ ਅਤੇ ਇਸ ਦੌਰਾਨ ਉਹ ਹੈਰੋਇਨ ਦੀ ਸਪਲਾਈ ਕਰਨ ਲੱਗ ਪਿਆ।

ਪੁਲਿਸ ਨੇ ਨਸ਼ਾ ਤਸਕਰ ਜਸਪਾਲ ਸਿੰਘ ਉਰਫ ਦੀਪਾ ਨੂੰ ਲੁਧਿਆਣਾ ਦੀ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਹੈ। ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਦਾਅਵਾ ਹੈ ਕਿ ਵੱਡੇ ਖੁਲਾਸੇ ਹੋ ਸਕਦੇ ਹਨ।