ਲੁਧਿਆਣਾ : ਸ਼ਰਾਬ ਪੀਣ ਲਈ ਪੈਸੇ ਨਾ ਦੇਣ ‘ਤੇ ਪੋਤੇ ਨੇ ਦਾਦੀ ’ਤੇ ਕੀਤਾ ਜਾਨਲੇਵਾ ਹਮਲਾ, ਰੋਕਣ ‘ਤੇ ਭਰਾ ਨੂੰ ਮਾਰੇ ਬਲੇਡ

0
300

ਲੁਧਿਆਣਾ | ਇਥੋਂ ਇਕ ਮਾੜੀ ਖਬਰ ਸਾਹਮਣੇ ਆਈ ਹੈ। ਸ਼ਰਾਬ ਦੀ ਤੋੜ ਲੱਗਣ ’ਤੇ ਨੌਜਵਾਨ ਨੇ ਦਾਦੀ ’ਤੇ ਹਮਲਾ ਕਰ ਦਿੱਤਾ ਤੇ ਉਸ ਕੋਲੋਂ ਪੈਸੇ ਮੰਗਣ ਲੱਗ ਪਿਆ। ਜਦੋਂ ਉਸ ਦਾ ਵੱਡਾ ਭਰਾ ਦਾਦੀ ਨੂੰ ਛੁਡਾਉਣ ਲਈ ਅੱਗੇ ਗਿਆ ਤਾਂ ਉਸ ਦੀਆਂ ਬਾਹਾਂ ’ਤੇ ਵੀ ਬਲੇਡ ਮਾਰੇ।

ਜਾਣਕਾਰੀ ਅਨੁਸਾਰ ਨੂਰਵਾਲਾ ਰੋਡ ਨੇੜੇ ਸਤਿਸੰਗ ਘਰ ਕੋਲ ਰਹਿਣ ਵਾਲੇ ਰਾਹੁਲ ਸਹੋਤਾ (19) ਨੇ ਦੱਸਿਆ ਕਿ ਵੀਰਵਾਰ ਸਵੇਰੇ 11 ਵਜੇ ਉਸ ਦੇ ਛੋਟੇ ਭਰਾ ਨੇ ਬਲੇਡ ਨਾਲ ਉਸ ਦੀਆਂ ਬਾਹਾਂ ’ਤੇ ਹਮਲਾ ਕੀਤਾ। ਉਸ ਨੇ ਕਿਹਾ ਕਿ 16 ਸਾਲ ਪਹਿਲਾਂ ਉਸ ਦੇ ਮਾਤਾ-ਪਿਤਾ ਦੀ ਹਾਦਸੇ ’ਚ ਮੌਤ ਹੋ ਗਈ ਸੀ। ਉਹ ਤੇ ਉਸ ਦਾ ਛੋਟਾ ਭਰਾ ਦਾਦੀ ਕੋਲ ਰਹਿੰਦੇ ਹਨ। ਉਹ ਈ-ਰਿਕਸ਼ਾ ਚਲਾ ਕੇ ਘਰ ਦਾ ਖ਼ਰਚਾ ਚਲਾਉਂਦਾ ਹੈ। ਛੋਟਾ ਭਰਾ ਕੋਈ ਕੰਮ ਨਹੀਂ ਕਰਦਾ ਤੇ ਰੋਜ਼ ਸ਼ਰਾਬ ਪੀ ਕੇ ਲੋਕਾਂ ਨਾਲ ਝਗੜਾ ਕਰਦਾ ਹੈ।

ਉਹ ਦਾਦੀ ਕੋਲੋਂ ਸ਼ਰਾਬ ਪੀਣ ਲਈ ਪੈਸੇ ਮੰਗ ਰਿਹਾ ਸੀ। ਜਦੋਂ ਪੈਸੇ ਨਾ ਮਿਲੇ ਤਾਂ ਦਾਦੀ ਨੂੰ ਕੁੱਟਿਆ ਤੇ ਘਰ ਦਾ ਸਾਮਾਨ ਤੋੜਨ ਲੱਗਾ। ਉਸ ਨੇ ਜਦੋਂ ਦਾਦੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਮੁਲਜ਼ਮ ਨੇ ਬਲੇਡ ਨਾਲ ਉਸ ’ਤੇ ਹਮਲਾ ਕਰ ਦਿੱਤਾ। ਬਸਤੀ ਜੋਧੇਵਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।