ਲੁਧਿਆਣਾ| ਗੈਂਗਸਟਰ ਸੁੱਖਾ ਬਾੜੇਵਾਲੀਆ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਕਿਹਾ ਸੁਣੀ ਦੇ ਬਾਅਦ ਸਾਥੀਆਂ ਨੇ ਉਸ ‘ਤੇ ਗੋਲੀਆਂ ਚਲਾ ਦਿੱਤੀਆਂ। ਫਾਇਰਿੰਗ ਦੌਰਾਨ ਉਸ ਦਾ ਸਾਥੀ ਵੀ ਜ਼ਖਮੀ ਹੋਇਆ ਹੈ ਤੇ ਉਸ ਨੂੰ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਹੈ।
ਘਟਨਾ ਹੈਬੋਵਾਲ ਇਲਾਕੇ ਦੇ ਜੋਗਿੰਦਰ ਨਗਰ ਦੀ ਹੈ। ਸੁੱਖਾ ਬਾੜੇਵਾਲੀਆ ਆਪਣੇ ਸਾਥੀ ਰੋਹਿਤ ਦੇ ਘਰ ਛੱਤ ‘ਤੇ ਬੈਠਾ ਹੋਇਆ ਸੀ। ਉਸ ਦੇ ਨਾਲ ਬੱਬੂ ਵੀ ਮੌਜੂਦ ਸੀ। ਕਿਸੇ ਗੱਲ ਨੂੰ ਲੈ ਕੇ ਤਿੰਨਾਂ ਵਿਚ ਕਿਹਾ ਸੁਣੀ ਹੋ ਗਈ। ਰੋਹਿਤ ਤੇ ਬੱਬੂ ਨੇ ਬਾੜੇਵਾਲੀਆ ‘ਤੇ ਗੋਲੀਆਂ ਚਲਾ ਦਿੱਤੀਆਂ। ਛਾਤੀ ‘ਚ ਗੋਲੀ ਲੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਹੱਥੋਂਪਾਈ ਦੌਰਾਨ ਸਿਰ ‘ਚ ਗੋਲੀ ਲੱਗਣ ਨਾਲ ਰੋਹਿਤ ਵੀ ਜ਼ਖਮੀ ਹੋ ਗਿਆ।ਉਸ ਨੂੰ ਹਸਪਤਾਲ ਲਿਜਾਇਆ ਗਿਆ ਹੈ। ਘਟਨਾ ਦੇ ਬਾਅਦ ਤੋਂ ਬੱਬੂ ਫਰਾਰ ਹੈ। ਸੂਚਨਾ ਪਾ ਕੇ ਪੁਲਿਸ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਪੁਲਿਸ ਸੀਸੀਟੀਵੀ ਫੁਟੇਜ ਖੰਗਾਲ ਰਹੀ ਹੈ।
ਇਸ ਤੋਂ ਪਹਿਲਾਂ ਬਾੜੇਵਾਲੀਆ ‘ਤੇ 2016 ਵਿਚ ਫਾਇਰਿੰਗ ਤੇ 2022 ਵਿਚ ਉਸ ਦੀ ਕਿਡਨੈਪਿੰਗ ਦੀ ਕੋਸ਼ਿਸ਼ ਹੋਈ ਸੀ। ਗੈਂਗਸਟਰ ਸੁੱਖਾ ਬਾੜੇਵਾਲੀਆ ‘ਤੇ ਹੱਤਿਆ, ਲੁੱਟ, ਡਕੈਤੀ ਸਣੇ ਕਈ ਹਾਰਡ ਕ੍ਰਾਈਮ ਦੇ 23 ਮਾਮਲੇ ਦਰਜ ਹਨ। ਉਹ ਲੁਧਿਆਣਾ ਪੁਲਿਸ ਦਾ ਭਗੌੜਾ ਵੀ ਰਿਹਾ ਹੈ। ਕੁਝ ਸਮਾਂ ਪਹਿਲਾਂ ਹੀ ਉਹ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ।