ਲੁਧਿਆਣਾ : EX ਕਾਂਗਰਸੀ ਵਿਧਾਇਕ ‘ਤੇ FIR : ਵਿਜੀਲੈਂਸ ਨੂੰ 9 ਤੋਂ ਵੱਧ ਜਾਇਦਾਦਾਂ ਦੇ ਕਾਗਜ਼ ਮਿਲੇ, ਨਕਦੀ-ਸੋਨਾ ਵੀ ਬਰਾਮਦ

0
486

ਲੁਧਿਆਣਾ| ਚੰਡੀਗੜ੍ਹ ਤੋਂ ਪਹੁੰਚੀ ਵਿਜੀਲੈਂਸ ਦੀ ਤਕਨੀਕੀ ਟੀਮ ਲੁਧਿਆਣਾ ਦੇ ਸਰਾਭਾ ਨਗਰ ਸਥਿਤ ਕੁਲਦੀਪ ਵੈਦ ਦੀ ਕੋਠੀ ਦੀ ਜਾਂਚ ਕਰ ਰਹੀ ਹੈ ਅਤੇ ਉਸ ‘ਤੇ ਖਰਚੀ ਗਈ ਰਾਸ਼ੀ ਦਾ ਹਿਸਾਬ-ਕਿਤਾਬ ਤਿਆਰ ਕਰ ਰਹੀ ਹੈ। ਵੈਦ ਦੀ ਕੋਠੀ ‘ਚੋਂ ਵਿਜੀਲੈਂਸ ਨੇ ਬਰਾਮਦ ਕੀਤੀ ਕਿੰਨੀ ਨਕਦੀ? ਇਸ ਬਾਰੇ ਕੋਈ ਅਧਿਕਾਰਤ ਖੁਲਾਸਾ ਨਹੀਂ ਕੀਤਾ ਗਿਆ ਹੈ ਪਰ ਜੇਕਰ ਰਕਮ ਜ਼ਿਆਦਾ ਨਿਕਲਦੀ ਹੈ ਤਾਂ ਇਸ ਦੀ ਸੂਚਨਾ ਇਨਕਮ ਟੈਕਸ ਨੂੰ ਦਿੱਤੀ ਜਾਵੇਗੀ।

ਸੇਵਾਮੁਕਤ ਆਈਏਐਸ ਅਧਿਕਾਰੀ ਕੁਲਦੀਪ ਸਿੰਘ ਵੈਦ 2016 ਵਿੱਚ ਕਾਂਗਰਸ ਵਿੱਚ ਸ਼ਾਮਲ ਹੋਏ ਸਨ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਲੁਧਿਆਣਾ ਦੀ ਗਿੱਲ ਵਿਧਾਨ ਸਭਾ ਸੀਟ ਤੋਂ ਕਾਂਗਰਸ ਦੇ ਵਿਧਾਇਕ ਚੁਣੇ ਗਏ ਸਨ। ਉਨ੍ਹਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਪੰਜਾਬ ਵੇਅਰਹਾਊਸਿੰਗ ਕਾਰਪੋਰੇਸ਼ਨ ਦਾ ਚੇਅਰਮੈਨ ਬਣਾਇਆ ਗਿਆ ਸੀ। ਵੈਦ ਦੇ ਕੋਲ ਲਗਜ਼ਰੀ ਗੱਡੀਆਂ ਵੀ ਦੱਸੀਆਂ ਜਾ ਰਹੀਆਂ ਹਨ।

ਵਿਜੀਲੈਂਸ ਟੀਮ ਨੇ ਸੋਮਵਾਰ ਨੂੰ ਜਦੋਂ ਵੈਦ ਦੀ ਕੋਠੀ ‘ਤੇ ਛਾਪਾ ਮਾਰਿਆ ਤਾਂ ਉਸ ਤੋਂ ਪਹਿਲਾਂ ਉਸ ਦੀਆਂ 6 ਜਾਇਦਾਦਾਂ ਬਾਰੇ ਦੱਸਿਆ ਜਾ ਰਿਹਾ ਸੀ ਪਰ 3 ਤੋਂ 4 ਘੰਟੇ ਦੀ ਜਾਂਚ ਤੋਂ ਬਾਅਦ ਅਧਿਕਾਰੀਆਂ ਨੂੰ ਉਸ ਦੀਆਂ 9 ਤੋਂ ਵੱਧ ਜਾਇਦਾਦਾਂ ਦੇ ਕਾਗਜ਼ ਮਿਲੇ ਹਨ। ਵਿਜੀਲੈਂਸ ਟੀਮ ਵੈਦ ਦੀ ਪਤਨੀ ਅਤੇ ਕੌਂਸਲਰ ਪੁੱਤਰ ਹਰਕਰਨਦੀਪ ਵੈਦ, ਉਸ ਦੀ ਪਤਨੀ ਅਤੇ ਹੋਰ ਪਰਿਵਾਰਕ ਮੈਂਬਰਾਂ ਦੀ ਜਾਇਦਾਦ ਦੇ ਵੇਰਵੇ ਇਕੱਠੇ ਕਰ ਰਹੀ ਹੈ। ਵਿਜੀਲੈਂਸ ਨੇ ਉਸ ਦੇ ਦੋ ਬੈਂਕ ਖਾਤਿਆਂ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ। ਵੈਦ ਦੀ ਕੋਠੀ ਦੇ ਨਾਲ ਲੱਗਦੇ ਉਨ੍ਹਾਂ ਦੇ ਰੈਸਟੋਰੈਂਟ ਦੀ ਵੀ ਪੈਮਾਇਸ਼ ਕੀਤੀ ਗਈ।

ਵਿਜੀਲੈਂਸ ਬਿਊਰੋ ਦੇ ਐਸਐਸਪੀ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਫਿਲਹਾਲ ਜਾਂਚ ਜਾਰੀ ਹੈ। ਕੁਲਦੀਪ ਵੈਦ ਦੇ ਘਰ ਜਾ ਕੇ ਟੀਮ ਦੀ ਮੁੱਢਲੀ ਜਾਂਚ ਪੂਰੀ ਕਰ ਲਈ ਗਈ ਹੈ। ਇਸ ਦੌਰਾਨ ਉਥੋਂ ਕੁਝ ਸ਼ਰਾਬ ਦੀਆਂ ਬੋਤਲਾਂ ਵੀ ਮਿਲੀਆਂ। ਤਫ਼ਤੀਸ਼ ਮੁਕੰਮਲ ਹੋਣ ਤੋਂ ਬਾਅਦ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ।