ਲੁਧਿਆਣਾ/ਸਾਹਨੇਵਾਲ | ਇਥੋਂ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ। ਆਪਣੇ ਜਵਾਨ ਪੁੱਤ ਨੂੰ ਸਮਝਾਉਣਾ ਉਸ ਸਮੇਂ ਇਕ ਪਿਓ ਨੂੰ ਮਹਿੰਗਾ ਪੈ ਗਿਆ, ਜਦੋਂ 20 ਸਾਲ ਦੇ ਨੌਜਵਾਨ ਨੇ ਪਿਤਾ ਦੀਆਂ ਗੱਲਾਂ ਨੂੰ ਸਮਝਣ ਦੀ ਬਜਾਏ ਗੁੱਸੇ ’ਚ ਆ ਕੇ ਨਹਿਰ ’ਚ ਛਾਲ ਮਾਰ ਦਿੱਤੀ। ਮਾਮਲਾ ਪਿੰਡ ਕੂੰਮ ਕਲਾਂ ਦਾ ਹੈ, ਜਿਥੇ ਇਕ ਨੌਜਵਾਨ ਪੁੱਤ ਦੀ ਲਾਸ਼ ਨੂੰ ਬੇਵੱਸ ਬਾਪ ਆਪਣੇ ਮੋਢਿਆਂ ’ਤੇ ਚੁੱਕਣ ਲਈ ਮਜਬੂਰ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਬਲਪ੍ਰੀਤ ਸਿੰਘ (20) ਵਾਸੀ ਕੂੰਮ ਕਲਾਂ ਦੇ ਰੂਪ ’ਚ ਹੋਈ ਹੈ।
ਜਾਂਚ ਅਧਿਕਾਰੀ ਸੋਮਨਾਥ ਨੇ ਦੱਸਿਆ ਕਿ ਬਲਪ੍ਰੀਤ ਬਿਜਲੀ ਰਿਪੇਅਰ ਦਾ ਕੰਮ ਕਰਦਾ ਸੀ। ਬੀਤੀ 25 ਮਈ ਨੂੰ ਉਸ ਦੇ ਪਿਤਾ ਨੇ ਮਾੜੀ ਸੰਗਤ ਤੋਂ ਬਚਣ ਦੀ ਤਾਕੀਦ ਕਰਦੇ ਹੋਏ ਸਿਰਫ ਆਪਣੇ ਕੰਮ ਨਾਲ ਮਤਲਬ ਰੱਖਣ ਲਈ ਸਮਝਾਇਆ ਸੀ, ਜਿਸ ਤੋਂ ਬਾਅਦ ਬਲਪ੍ਰੀਤ ਗੁੱਸੇ ’ਚ ਘਰੋਂ ਬਾਹਰ ਚਲਾ ਗਿਆ। ਜਦੋਂ ਦੇਰ ਰਾਤ ਤੱਕ ਘਰ ਨਾ ਪਰਤਿਆਂ ਤਾਂ ਥਾਣਾ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਗਈ। ਐਤਵਾਰ ਨੂੰ ਬਲਪ੍ਰੀਤ ਦੀ ਮ੍ਰਿਤਕ ਦੇਹ ਕਟਾਣੀ ਕਲਾਂ ਨਹਿਰ ’ਚੋਂ ਬਰਾਮਦ ਹੋਈ, ਜਿਸ ਤੋਂ ਬਾਅਦ ਪੁਲਿਸ ਨੇ ਮ੍ਰਿਤਕ ਦੀ ਪਛਾਣ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਿਜਵਾ ਦਿੱਤਾ। ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਹਵਾਲੇ ਕਰ ਦਿੱਤੀ।