ਲੁਧਿਆਣਾ : 11ਵੀਂ ਦੀ ਵਿਦਿਆਰਥਣ ਦੀਆਂ ਫਰਜ਼ੀ ਅਸ਼ਲੀਲ ਤਸਵੀਰਾਂ ਇੰਸਟਾ ‘ਤੇ ਕੀਤੀਆਂ ਅਪਲੋਡ, ਥੱਲੇ ਲਿਖ’ਤਾ Paid service

0
1303

ਲੁਧਿਆਣਾ, 7 ਸਤੰਬਰ| ਗਿਆਰਵੀਂ ਦੀ ਵਿਦਿਆਰਥਣ ਨੂੰ ਬਦਨਾਮ ਕਰਨ ਲਈ ਮਨਚਲੇ ਨੇ ਫਰਜ਼ੀ ਇੰਸਟਾਗ੍ਰਾਮ ਆਈਡੀ ਬਣਾ ਕੇ ਲੜਕੀ ਨੂੰ ਬਲੈਕਮੇਲ ਕਰਨਾ ਸ਼ੁਰੂ ਕੀਤਾ। ਚਾਰ ਹਜ਼ਾਰ ਰੁਪਏ ਦੀ ਨਾਜਾਇਜ਼ ਮੰਗ ਪੂਰੀ ਨਾ ਕਰਨ ਤੇ ਮੁਲਜ਼ਮ ਨੇ 17 ਵਰ੍ਹਿਆਂ ਦੀ ਵਿਦਿਆਰਥਣ ਦੀਆਂ ਫ਼ਰਜ਼ੀ ਅਸ਼ਲੀਲ ਤਸਵੀਰਾਂ ਫਰਜ਼ੀ ਆਈਡੀ ਜ਼ਰੀਏ ਅਪਲੋਡ ਕਰ ਦਿੱਤੀਆਂ।

ਐਨਾ ਹੀ ਨਹੀਂ ਮੁਲਜ਼ਮ ਨੇ ਤਸਵੀਰਾਂ ਹੇਠਾਂ ਪੇਡ ਸਰਵਿਸ ਵੀ ਲਿਖ ਦਿੱਤਾ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੇ ਲੱਛਮੀ ਨਗਰ ਗਲੀ ਨੰਬਰ ਤਿੰਨ ਦੇ ਵਾਸੀ ਪ੍ਰਿੰਸ ਗੌਤਮ ਖਿਲਾਫ ਮੁਕੱਦਮਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।

ਇੰਸਪੈਕਟਰ ਗਗਨਪ੍ਰੀਤ ਸਿੰਘ ਮੁਤਾਬਕ 21 ਵਰ੍ਹਿਆਂ ਦਾ ਪ੍ਰਿੰਸ ਗੌਤਮ ਗ੍ਰੈਜੂਏਸ਼ਨ ਕਰ ਰਿਹਾ ਹੈ। ਡਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਲੜਕੀ ਦੇ ਪਿਤਾ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਬੇਟੀ ਲਾਗੇ ਦੇ ਹੀ ਸਕੂਲ ਵਿੱਚ ਗਿਆਰਵੀਂ ਜਮਾਤ ਦੀ ਵਿਦਿਆਰਥਣ ਹੈ।

ਮੁਲਜ਼ਮ ਗੌਤਮ ਸ਼ਰਮਾ ਨੇ ਸਾਜਿਸ਼ ਤਹਿਤ ਇੱਕ ਫ਼ਰਜ਼ੀ ਇੰਸਟਾਗ੍ਰਾਮ ਆਈਡੀ ਬਣਾਈ। ਮੁਲਜ਼ਮ ਨੇ ਆਈਡੀ ਰਾਹੀਂ ਲੜਕੀ ਨੂੰ ਮੈਸੇਜ ਭੇਜ ਕੇ ਉਸ ਨੂੰ ਧਮਕੀਆਂ ਦੇਣੀਆਂ ਸ਼ੁਰੂ ਕੀਤੀਆਂ। ਲੜਕੇ ਨੇ ਵਿਦਿਆਰਥਣ ਨੂੰ ਧਮਕੀਆਂ ਦਿੱਤੀਆਂ ਕਿ ਉਹ ਉਸਨੂੰ ਚਾਰ ਹਜ਼ਾਰ ਰੁਪਏ ਪੇਟੀਐਮ ਕਿਊਆਰ ਕੋਡ ਰਾਹੀਂ ਟ੍ਰਾਂਸਫਰ ਕਰੇ।

ਉਸਨੇ ਧਮਕੀ ਦਿੱਤੀ ਕਿ ਜੇਕਰ ਜਲਦੀ ਹੀ ਰਕਮ ਟਰਾਂਸਫਰ ਨਾ ਕੀਤੀ ਗਈ ਤਾਂ ਉਹ ਉਸ ਦੀਆਂ ਅਸ਼ਲੀਲ ਤਸਵੀਰਾਂ ਅਪਲੋਡ ਕਰ ਦੇਵੇਗਾ। ਰਕਮ ਨਾ ਮਿਲਣ ਦੀ ਸੂਰਤ ਵਿੱਚ ਮੁਲਜ਼ਮ ਨੇ ਕੀਤਾ ਵੀ ਅਜਿਹਾ ਹੀ। ਉਸਨੇ ਲੜਕੀ ਦੀਆਂ ਤਸਵੀਰਾਂ ਦੇ ਹੇਠਾਂ ਪੇਡ ਸਰਵਿਸ ਲਿਖ ਕੇ ਲੜਕੀ ਅਤੇ ਉਸਦੀਆਂ ਸਹੇਲੀਆਂ ਨੂੰ ਮੈਸੇਜ ਕਰ ਦਿੱਤਾ।

ਇਸ ਮਾਮਲੇ ਸੰਬੰਧੀ ਲੜਕੀ ਦੇ ਪਿਤਾ ਨੇ ਥਾਣਾ ਡਵੀਜ਼ਨ ਨੰਬਰ ਦੋ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਮਾਮਲੇ ਦੀ ਪੜਤਾਲ ਦੌਰਾਨ ਪੁਲਿਸ ਨੇ ਪੇਟੀਐੱਮ ਸਕੈਨ ਜ਼ਰੀਏ ਮੁਲਜ਼ਮ ਪ੍ਰਿੰਸ ਗੌਤਮ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦਿਆਂ ਇੰਸਪੈਕਟਰ ਗਗਨਪ੍ਰੀਤ ਸਿੰਘ ਨੇ ਦੱਸਿਆ ਕਿ ਵੀਰਵਾਰ ਦੁਪਹਿਰ ਤੋਂ ਬਾਅਦ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਇਸ ਮਾਮਲੇ ਸੰਬੰਧੀ ਪੁਲਿਸ ਮੁਲਾਜ਼ਮ ਕੋਲੋਂ ਹੋਰ ਜਾਣਕਾਰੀ ਹਾਸਲ ਕਰੇਗੀ।