ਲੁਧਿਆਣਾ : ਨਸ਼ਾ ਤਸਕਰਾਂ ਤੇ STF ਵਿਚਾਲੇ ਮੁਕਾਬਲਾ, ਨਾਕੇ ‘ਤੇ ਰੁਕਣ ਦਾ ਦਿੱਤਾ ਇਸ਼ਾਰਾ ਤਾਂ ਕੀਤੀ ਫਾਇਰਿੰਗ, ਗ੍ਰਿਫਤਾਰ

0
102

ਲੁਧਿਆਣਾ | ਇਥੇ ਤਸਕਰਾਂ ਨੂੰ ਫੜਨ ਦੀ ਵੱਡੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਦੇ ਨੀਲੋਂ-ਕੋਹਾਡਾ ਰੋਡ ‘ਤੇ STF ਤੇ ਨਸ਼ਾ ਤਸਕਰਾਂ ਵਿਚਕਾਰ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਫਾਇਰਿੰਗ ਕਰਨ ਤੋਂ ਪਹਿਲਾਂ ਮੁਲਜ਼ਮਾਂ ਨੇ ਭੱਜਣ ਲਈ ਟੀਮ ਦੇ ਉੱਪਰ ਕਾਰ ਚੜ੍ਹਾਉਣ ਦੀ ਕੋਸ਼ਿਸ਼ ਵੀ ਕੀਤੀ। ਪੁਲਿਸ ਨੇ ਕੁਝ ਘੰਟਿਆਂ ‘ਚ ਹੀ ਇਕ ਮੁਲਜ਼ਮ ਨੂੰ ਫੜ ਲਿਆ, ਜਦਕਿ ਬਾਕੀ 2 ਫਰਾਰ ਹੋ ਗਏ। ਬਦਮਾਸ਼ਾਂ ਨੇ ਪੁਲਿਸ ‘ਤੇ 8 ਰਾਊਂਡ ਫਾਇਰ ਕੀਤੇ।

ਫੜੇ ਗਏ ਮੁਲਜ਼ਮ ਦੀ ਪਛਾਣ ਸਮਰਾਲਾ ਦੇ ਪਿੰਡ ਘੁਲਾਲ ਦੇ ਰਹਿਣ ਵਾਲੇ ਸੰਦੀਪ ਸਿੰਘ ਵਜੋਂ ਹੋਈ ਹੈ। ਉਸ ਦੇ 2 ਸਾਥੀਆਂ ਦੀ ਪਛਾਣ ਸਿਮਰਨਪ੍ਰੀਤ ਸਿੰਘ ਮਾਂਗਟ ਉਰਫ਼ ਸਿੰਮਾ ਵਾਸੀ ਪਿੰਡ ਘੁਲਾਲ ਅਤੇ ਬਲਵਿੰਦਰ ਸਿੰਘ ਵਾਸੀ ਪਿੰਡ ਨੀਲੋਂ ਕਲਾਂ ਵਜੋਂ ਹੋਈ ਹੈ। ਸੰਦੀਪ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਿਮਰਨਪ੍ਰੀਤ ਅਤੇ ਬਲਵਿੰਦਰ ਦਾ ਜੀਜਾ ਹੈ। ਦੋਵੇਂ ਮਿਲ ਕੇ ਨਸ਼ਾ ਵੇਚਦੇ ਹਨ। ਉਨ੍ਹਾਂ ਲੋਕਾਂ ਨੇ ਉਸ ਨੂੰ ਨਸ਼ਾ ਸਪਲਾਈ ਕਰਨ ਲਈ ਰੱਖਿਆ ਹੋਇਆ ਹੈ।

ਐਸਟੀਐਫ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕਾਰ ਵਿਚ ਨਸ਼ਾ ਤਸਕਰ ਨਸ਼ੇ ਦੀ ਸਪਲਾਈ ਕਰਨ ਲਈ ਆ ਰਹੇ ਹਨ। ਇਸ ’ਤੇ ਨਾਕਾਬੰਦੀ ਕੀਤੀ। ਨਾਕਾਬੰਦੀ ਦੌਰਾਨ ਇਕ ਕਾਰ ਆਈ, ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਪਰ ਕਾਰ ਸਵਾਰਾਂ ਨੇ ਕਾਰ ਨਹੀਂ ਰੋਕੀ ਅਤੇ ਟੀਮ ‘ਤੇ ਚੜ੍ਹਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਕਾਰ ਸਵਾਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿਚ ਪੁਲਿਸ ਨੇ ਵੀ 2 ਤੋਂ 3 ਗੋਲੀਆਂ ਚਲਾਈਆਂ।

ਇਸ ਤੋਂ ਬਾਅਦ ਪੁਲਿਸ ਨੇ ਇਕ ਤਸਕਰ ਨੂੰ ਫੜ ਲਿਆ, ਜਿਸ ਕੋਲੋਂ ਪੁਲਿਸ ਨੇ 32 ਬੋਰ ਦੇ 2 ਕਾਰਤੂਸ, 9 ਐਮ.ਐਮ. ਦੇ 4 ਕਾਰਤੂਸ ਅਤੇ .32 ਬੋਰ ਦੇ 2 ਕਾਰਤੂਸ, 20 ਗ੍ਰਾਮ ਹੈਰੋਇਨ, ਇਕ ਇਲੈਕਟ੍ਰਾਨਿਕ ਤੋਲਣ ਵਾਲੀ ਮਸ਼ੀਨ, ਗੋਲੀਆਂ ਤੇ ਇਕ ਫ਼ੋਨ ਵੀ ਬਰਾਮਦ ਕੀਤਾ ਹੈ।

ਥਾਣਾ ਕੂੰਮਕਲਾਂ ਦੇ ਐਸਐਚਓ ਸਬ-ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 307, 34, ਐਨਡੀਪੀਐਸ ਐਕਟ ਦੀ ਧਾਰਾ 21-29, 61, 85, ਅਸਲਾ ਧਾਰਾ 25, 27, 54 ਅਤੇ 59 ਤਹਿਤ ਕੇਸ ਦਰਜ ਕੀਤਾ ਗਿਆ ਹੈ। ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।