ਲੁਧਿਆਣਾ : ਗਲਾਡਾ ਵਲੋਂ ਵਪਾਰਕ, ਰਿਹਾਇਸ਼ੀ ਜਾਇਦਾਦਾ ਦੀ ਈ-ਨਿਲਾਮੀ 11 ਦਸੰਬਰ ਤੋਂ ਸ਼ੁਰੂ

0
556

ਲੁਧਿਆਣਾ | ਗ੍ਰੇਟਰ ਲੁਧਿਆਣਾ ਏਰੀਆ ਡਿਵੈੱਲਪਮੈਂਟ ਅਥਾਰਟੀ (ਗਲਾਡਾ) ਵੱਲੋਂ ਦਸੰਬਰ ਮਹੀਨੇ ਵਿੱਚ ਵਪਾਰਕ, ਰਿਹਾਇਸ਼ੀ ਅਤੇ ਸੰਸਥਾਗਤ ਸਾਈਟਾਂ ਦੀ ਈ-ਨਿਲਾਮੀ ਕੀਤੀ ਜਾਵੇਗੀ। ਇਹ ਈ-ਨਿਲਾਮੀ 11 ਦਸੰਬਰ ਨੂੰ ਸਵੇਰੇ 9 ਵਜੇ ਸ਼ੁਰੂ ਹੋਵੇਗੀ ਅਤੇ 20 ਦਸੰਬਰ, 2022 ਨੂੰ ਦੁਪਹਿਰ 1 ਵਜੇ ਸਮਾਪਤ ਹੋਵੇਗੀ।

ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਈ-ਨਿਲਾਮੀ ਵਿੱਚ ਜਾਇਦਾਦਾਂ ਵਾਜ਼ਿਬ ਦਰਾਂ ‘ਤੇ ਖਰੀਦ ਲਈ ਉਪਲਬਧ ਹੋਣਗੀਆਂ। ਕੁੱਲ 130 ਸਾਈਟਾਂ ਬੋਲੀ ਲਈ ਉਪਲਬਧ ਹੋਣਗੀਆਂ, ਜਿਨ੍ਹਾਂ ਵਿੱਚ 14 ਰਿਹਾਇਸ਼ੀ ਪਲਾਟ, 115 ਕਮਰਸ਼ੀਅਲ ਸਾਈਟਾਂ (41- ਐਸਸੀਓਜ਼, 28- ਐਸਸੀਐਫਜ਼, 24-ਬੂਥ ਅਤੇ 22-ਦੁਕਾਨਾਂ) ਅਤੇ ਇੱਕ ਸੰਸਥਾਗਤ ਸਾਈਟ ਸ਼ਾਮਲ ਹੈ। ਇਹ ਜਾਇਦਾਦਾਂ ਲੁਧਿਆਣਾ, ਮੋਗਾ ਅਤੇ ਫਿਰੋਜ਼ਪੁਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਥਿਤ ਹਨ।

ਖਰੀਦਦਾਰਾਂ ਵਾਸਤੇ ਭੁਗਤਾਨ ਲਈ ਸੁਵਿਧਾਜਨਕ ਪਲਾਨ

ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਈਟਾਂ ਦੇ ਖਰੀਦਦਾਰਾਂ ਵਾਸਤੇ ਭੁਗਤਾਨ ਲਈ ਸੁਵਿਧਾਜਨਕ ਪਲਾਨ ਦਿੱਤਾ ਗਿਆ ਹੈ। ਸਫ਼ਲ ਬੋਲੀਕਾਰਾਂ ਨੂੰ ਕੁੱਲ ਕੀਮਤ ਦਾ 25 ਫ਼ੀਸਦ ਦਾ ਭੁਗਤਾਨ ਕਰਨ ‘ਤੇ ਜਾਇਦਾਦ ਦਾ ਕਬਜ਼ਾ ਸੌਂਪਿਆ ਜਾਵੇਗਾ ਅਤੇ ਬਕਾਇਆ ਰਾਸ਼ੀ 9.5 ਫ਼ੀਸਦ ਸਾਲਾਨਾ ਵਿਆਜ ਦਰ ‘ਤੇ ਕਿਸ਼ਤਾਂ ਵਿੱਚ ਭੁਗਤਾਨ ਕੀਤੀ ਜਾ ਸਕੇਗੀ। ਜਾਇਦਾਦ ਸਬੰਧੀ ਵੇਰਵੇ ਜਿਵੇਂ ਰਾਖਵੀਂ ਕੀਮਤ, ਲੋਕੇਸ਼ਨ ਪਲਾਨ ਅਤੇ ਭੁਗਤਾਨ ਬਾਰੇ ਵੇਰਵੇ ਆਦਿ ਨੂੰ ਈ-ਨਿਲਾਮੀ ਸ਼ੁਰੂ ਹੋਣ ਤੋਂ ਪਹਿਲਾਂ ਪੋਰਟਲ www.puda.e-auctions.in ‘ਤੇ ਅਪਲੋਡ ਕੀਤਾ ਜਾਵੇਗਾ। ਬੁਲਾਰੇ ਨੇ ਦੱਸਿਆ ਕਿ ਇੱਛੁਕ ਬੋਲੀਕਾਰ ਬੋਲੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਵੇਰਵਿਆਂ ਨੂੰ ਆਨਲਾਈਨ ਦੇਖ ਸਕਦੇ ਹਨ।