ਲੁਧਿਆਣਾ : ਨਸ਼ੇ ਲਈ ਪੈਸੇ ਨਾ ਦੇਣ ‘ਤੇ ਨਸ਼ੇੜੀ ਨੌਜਵਾਨ ਨੇ ਘਰ ਨੂੰ ਲਾਈ ਅੱਗ, ਸਾਰਾ ਸਾਮਾਨ ਸੜ ਕੇ ਸੁਆਹ

0
271

ਲੁਧਿਆਣਾ, 13 ਨਵੰਬਰ | ਬੀਤੀ ਰਾਤ 10 ਵਜੇ ਦੇ ਕਰੀਬ ਲੁਧਿਆਣਾ ਦੇ ਕਸਬਾ ਹਲਵਾਰਾ ਨੇੜੇ ਪਿੰਡ ਅਕਾਲਗੜ੍ਹ ਕਲਾਂ ‘ਚ ਨਸ਼ੇੜੀ ਨੌਜਵਾਨ ਨੇ ਆਪਣੀ ਮਾਂ ਤੋਂ ਨਸ਼ਾ (ਚਿੱਟਾ) ਖਰੀਦਣ ਲਈ ਪੈਸੇ ਮੰਗੇ ਤਾਂ ਮਾਂ ਨੇ ਨਸ਼ੇ ਲਈ ਪੈਸੇ ਦੇਣ ਤੋਂ ਇਨਕਾਰ ਕਰ ਦਿੱਤੀ, ਜਿਸ ਤੋਂ ਨੌਜਵਾਨ ਨੇ ਗੁੱਸੇ ‘ਚ ਆ ਗਿਆ ਤੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ।

ਘਰ ਨੂੰ ਅੱਗ ਲਾਉਣ ਤੋਂ ਬਾਅਦ ਨਸ਼ੇ ‘ਚ ਧੁੱਤ ਨੌਜਵਾਨ ਅੰਦਰ ਬੈਠ ਗਿਆ ਅਤੇ ਖੁਦਕੁਸ਼ੀ ਕਰਨ ਦੀਆਂ ਧਮਕੀਆਂ ਦੇਣ ਲੱਗਾ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਆਸ-ਪਾਸ ਦੇ ਲੋਕਾਂ ਨੇ ਵੱਡੀ ਮੁਸ਼ੱਕਤ ਨਾਲ ਨੌਜਵਾਨ ਦੀ ਮਾਂ ਨੂੰ ਸੜਦੇ ਘਰ ‘ਚੋਂ ਬਾਹਰ ਕੱਢਿਆ। ਅੱਗ ਲੱਗਣ ਕਾਰਨ ਘਰ ਦਾ ਸਾਮਾਨ, ਏ.ਸੀ. ਅਤੇ ਐਲ.ਈ.ਡੀ. ਸੜ ਕੇ ਸੁਆਹ ਹੋ ਗਿਆ।

ਜਾਣਕਾਰੀ ਅਨੁਸਾਰ ਪਿੰਡ ਅਕਾਲਗੜ੍ਹ ਕਲਾਂ ਵਿਚ ਨਸ਼ਾ ਖਰੀਦਣ ਲਈ ਪੈਸੇ ਨਾ ਹੋਣ ਕਾਰਨ ਪ੍ਰੇਸ਼ਾਨ ਨੌਜਵਾਨ ਨੇ ਆਪਣੇ ਘਰ ਨੂੰ ਅੱਗ ਲਗਾ ਦਿੱਤੀ। ਅੱਗ ਲੱਗਣ ਕਾਰਨ ਲੱਖਾਂ ਦਾ ਨੁਕਸਾਨ ਹੋਇਆ ਹੈ। ਇੰਡੀਅਨ ਏਅਰ ਫੋਰਸ ਸੈਂਟਰ ਹਲਵਾਰਾ ਅਤੇ ਮੁੱਲਾਂਪੁਰ ਦਾਖਾ ਤੋਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਲਈ ਮੌਕੇ ‘ਤੇ ਪਹੁੰਚ ਗਈਆਂ। ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ। ਉਕਤ ਦੋਸ਼ੀ ਨੂੰ ਸੁਧਾਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ।

ਮੁਲਜ਼ਮ ਨੌਜਵਾਨ ਧਰਮਿੰਦਰ ਸਿੰਘ ਉਰਫ਼ ਮੋਨੀ ਨੇ ਆਪਣੀ ਮਾਤਾ ਰਾਜਵੰਤ ਕੌਰ ਤੋਂ ਨਸ਼ਾ ਖਰੀਦਣ ਲਈ 1300 ਰੁਪਏ ਮੰਗੇ ਸਨ। ਜਦੋਂ ਉਸ ਦੀ ਮਾਂ ਨੇ ਮਨ੍ਹਾ ਕੀਤਾ ਤਾਂ ਨੌਜਵਾਨ ਨੇ ਗੁੱਸੇ ‘ਚ ਆ ਕੇ ਘਰ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸੁਧਾਰ ਦੇ ਇੰਚਾਰਜ ਜਸਵਿੰਦਰ ਸਿੰਘ, ਐਸਆਈ ਕਰਮਜੀਤ ਸਿੰਘ ਅਤੇ ਸੇਵਾ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ।

ਦੋਸ਼ੀ ਨੌਜਵਾਨ ਇੱਟ-ਪੱਥਰ ਲੈ ਕੇ ਘਰ ਦੇ ਅੰਦਰ ਹੀ ਬੈਠ ਗਿਆ। ਜਿਵੇਂ ਹੀ ਪੁਲਿਸ ਅਤੇ ਸਥਾਨਕ ਲੋਕ ਅੱਗ ਬੁਝਾਉਣ ਲਈ ਪਹੁੰਚੇ ਤਾਂ ਦੋਸ਼ੀਆਂ ਨੇ ਉਨ੍ਹਾਂ ‘ਤੇ ਪਥਰਾਅ ਕਰ ਦਿੱਤਾ। ਇਸ ਦੇ ਨਾਲ ਹੀ ਦੋਸ਼ੀ ਫੜੇ ਜਾਣ ਦੇ ਡਰੋਂ ਪੁਲਿਸ ਨੂੰ ਖੁਦਕੁਸ਼ੀ ਕਰਨ ਦੀ ਧਮਕੀ ਦੇ ਰਿਹਾ ਸੀ। ਪੁਲਿਸ ਨੇ ਸਥਾਨਕ ਲੋਕਾਂ ਨਾਲ ਮਿਲ ਕੇ ਮੁਲਜ਼ਮ ਨੂੰ ਬੜੀ ਮੁਸ਼ਕਲ ਨਾਲ ਕਾਬੂ ਕੀਤਾ।

(Note : ਪੰਜਾਬ ਦੀਆਂ ਜ਼ਰੂਰੀ ਖਬਰਾਂ ਪੜ੍ਹਣ ਲਈ ਸਾਡੇ ਵਟਸਐਪ ਗਰੁੱਪ https://shorturl.at/0tM6T ਜਾਂ ਵਟਸਐਪ ਚੈਨਲ https://shorturl.at/Q3yRy ਨਾਲ ਜ਼ਰੂਰ ਜੁੜੋ।)