ਲੁਧਿਆਣਾ, 11 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਤਨੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਆਏ ਵਿਅਕਤੀ ਨੇ ਘਰ ਵਿਚ ਹੀ ਜਾਨ ਦੇ ਦਿੱਤੀ। ਇਸ ਮਾਮਲੇ ‘ਚ ਥਾਣਾ ਡੇਹਲੋਂ ਦੀ ਪੁਲਿਸ ਨੇ ਪਿੰਡ ਖੇੜਾ ਦੇ ਵਾਸੀ ਹਰਪ੍ਰੀਤ ਸਿੰਘ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਮ੍ਰਿਤਕ ਦੇ ਪਿਤਾ ਗੁਰਮੁਖ ਸਿੰਘ ਦੀ ਸ਼ਿਕਾਇਤ ‘ਤੇ ਕਰਮਗੜ੍ਹ ਬਰਨਾਲਾ ਦੀ ਰਹਿਣ ਵਾਲੀ ਕਮਲਜੀਤ ਕੌਰ ਤੇ ਉਸ ਦੇ ਪ੍ਰੇਮੀ ਪਿੰਡ ਠੀਕਰੀਵਾਲਾ ਬਰਨਾਲਾ ਦੇ ਵਾਸੀ ਲਵਪ੍ਰੀਤ ਸਿੰਘ ਖਿਲਾਫ਼ ਕੇਸ ਦਰਜ ਕਰ ਲਿਆ ਹੈ।
ਪੁਲਿਸ ਨੂੰ ਜਾਣਕਾਰੀ ਦਿੰਦਿਆਂ ਗੁਰਮੁਖ ਸਿੰਘ ਨੇ ਦੱਸਿਆ ਕਿ ਉਸ ਦੇ ਬੇਟੇ ਹਰਪ੍ਰੀਤ ਸਿੰਘ ਦਾ ਵਿਆਹ 4 ਸਾਲ ਪਹਿਲਾਂ ਕਮਲਜੀਤ ਕੌਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਨੂੰ ਪਤਾ ਲੱਗਾ ਕਿ ਕਮਲਜੀਤ ਕੌਰ ਦੇ ਲਵਪ੍ਰੀਤ ਸਿੰਘ ਨਾਲ ਨਾਜਾਇਜ਼ ਸਬੰਧ ਹਨ, ਜਿਸ ਕਾਰਨ ਘਰ ਵਿਚ ਕਲੇਸ਼ ਰਹਿੰਦਾ ਸੀ। ਗੁਰਮੁਖ ਨੇ ਦੱਸਿਆ ਕਿ 18 ਅਗਸਤ ਨੂੰ ਹਰਪ੍ਰੀਤ ਆਪਣੀ ਪਤਨੀ ਨੂੰ ਪੇਕੇ ਭੇਜਣ ਲਈ ਬੱਸ ਵਿਚ ਬਿਠਾ ਕੇ ਆਇਆ ਪਰ ਪੇਕੇ ਜਾਣ ਦੀ ਬਜਾਏ ਕਮਲਜੀਤ ਕੌਰ ਲਵਪ੍ਰੀਤ ਦੇ ਕੋਲ ਚਲੀ ਗਈ ਅਤੇ ਉਸ ਦੇ ਕੋਲ ਹੀ ਰਹਿਣ ਲੱਗ ਪਈ।
ਇਸ ਘਟਨਾ ਤੋਂ ਬਾਅਦ ਹਰਪ੍ਰੀਤ ਦੁਖੀ ਰਹਿਣ ਲੱਗ ਪਿਆ ਅਤੇ ਉਸ ਨੇ ਜਾਨ ਦੇ ਦਿੱਤੀ। ਇਸ ਮਾਮਲੇ ਵਿੱਚ ਏਐਸਆਈ ਸੁਲੱਖਣ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਮੁਲਜ਼ਮਾਂ ਖਿਲਾਫ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।