ਲੁਧਿਆਣਾ : ਸਹੁਰਿਆਂ ਤੋਂ ਪ੍ਰੇਸ਼ਾਨ ਹੋ ਕੇ ਨੌਜਵਾਨ ਨੇ ਟਰੇਨ ਅੱਗੇ ਮਾਰੀ ਛਾਲ, 5 ਦਿਨਾਂ ਤੋਂ ਸੀ ਲਾਪਤਾ

0
525

ਲੁਧਿਆਣਾ, 13 ਸਤੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਲੁਧਿਆਣਾ ਲਾਡੋਵਾਲ ਰੇਲਵੇ ਟਰੈਕ ’ਤੇ ਇਕ ਵਿਅਕਤੀ ਨੇ ਟਰੇਨ ਅੱਗੇ ਛਾਲ ਮਾਰ ਕੇ ਜਾਨ ਦੇ ਦਿੱਤੀ। ਪਤਾ ਲੱਗਦੇ ਹੀ ਥਾਣਾ ਜੀ. ਆਰ. ਪੀ. ਦੀ ਪੁਲਿਸ ਮੌਕੇ ’ਤੇ ਪੁੱਜ ਗਈ। ਪੁਲਿਸ ਨੇ ਮੌਕੇ ਤੋਂ ਇਕ ਲੈਟਰ ਵੀ ਬਰਾਮਦ ਕੀਤਾ ਹੈ। ਮਰਨ ਵਾਲੇ ਵਿਅਕਤੀ ਦੀ ਪਛਾਣ ਪੁਲਿਸ ਨੇ ਆਸ਼ੂ ਅਰੋੜਾ ਦੇ ਰੂਪ ਵਿਚ ਕੀਤੀ ਹੈ। ਮ੍ਰਿਤਕ ਦੇ ਭਰਾ ਰਿਤੇਸ਼ ਅਰੋੜਾ ਦੇ ਬਿਆਨਾਂ ਅਤੇ ਮੌਕੇ ਤੋਂ ਮਿਲੇ ਚਿੱਠੀ ਪੱਤਰ ਦੇ ਆਧਾਰ ’ਤੇ ਉਸ ਦੀ ਪਤਨੀ ਮੋਨਿਕਾ ਅਰੋੜਾ, ਸਾਂਢੂ ਕਰਨ ਲਵਲੀ ਉਰਫ ਪ੍ਰਦੀਪ ਮਨਚੰਦਾ ਅਤੇ ਸੁਨੀਲ ਸਚਦੇਵਾ, ਸਾਲੀ ਮੰਜੂ ਮਨਚੰਦਾ ਅਤੇ ਸਹੁਰੇ ਜਗਦੀਸ਼ ਲਾਲ ਗਰੋਵਰ ਨੂੰ ਮਰਨ ਲਈ ਮਜਬੂਰ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕੀਤਾ ਹੈ। ਚਿੱਠੀ ਪੱਤਰ ’ਚ ਉਸ ਨੇ ਆਪਣੀ ਪਤਨੀ, ਸਾਂਢੂ ਅਤੇ ਹੋਰਾਂ ਨੂੰ ਮੌਤ ਦਾ ਜ਼ਿੰਮੇਵਾਰ ਠਹਿਰਾਇਆ ਹੈ।

ਰਿਤੇਸ਼ ਨੇ ਦੱਸਿਆ ਕਿ ਉਸ ਦੇ ਭਰਾ ਆਸ਼ੂ ਦਾ ਵਿਆਹ 20 ਸਾਲ ਪਹਿਲਾਂ ਮੋਨਿਕਾ ਅਰੋੜਾ ਨਾਲ ਹੋਇਆ ਸੀ, ਜਿਨ੍ਹਾਂ ਦੀ 18 ਸਾਲ ਦੀ ਬੇਟੀ ਹੈ। ਉਸ ਦੇ ਭਰਾ ਦੀ ਹੈਬੋਵਾਲ ਵਿਚ ਅਰੋੜਾ ਆਪਟੀਕਲ ਨਾਂ ਦੀ ਦੁਕਾਨ ਹੈ ਅਤੇ ਉਸ ਦੀ ਭਾਬੀ ਨਿੱਜੀ ਸਕੂਲ ਵਿਚ ਟੀਚਰ ਹੈ। ਕਾਫੀ ਸਮੇਂ ਤੋਂ ਦੋਵਾਂ ਦਾ ਆਪਸ ਵਿਚ ਵਿਵਾਦ ਰਹਿੰਦਾ ਸੀ ਅਤੇ ਲਗਭਗ 2 ਮਹੀਨੇ ਪਹਿਲਾਂ ਉਸ ਦੀ ਭਾਬੀ ਆਪਣੀ ਬੇਟੀ ਨੂੰ ਨਾਲ ਲੈ ਕੇ ਪੇਕੇ ਘਰ ਚਲੀ ਗਈ ਅਤੇ ਉਸ ਖਿਲਾਫ ਵੂਮੈਨ ਸੈੱਲ ਵਿਚ ਸ਼ਿਕਾਇਤ ਕਰ ਦਿੱਤੀ।

ਉਸ ਦੇ ਸਹੁਰੇ ਅਤੇ ਹੋਰ ਲੋਕਾਂ ਨੇ ਘਰ ਆ ਕੇ ਉਸ ਨੂੰ ਕਾਫੀ ਬੁਰਾ ਭਲਾ ਕਿਹਾ ਅਤੇ ਉਸ ਨੂੰ ਲੋਕਾਂ ਸਾਹਮਣੇ ਬੇਇੱਜ਼ਤ ਕੀਤਾ। ਇਸ ਗੱਲ ਨੂੰ ਲੈ ਕੇ ਕਾਫੀ ਪ੍ਰੇਸ਼ਾਨ ਰਹਿਣ ਲੱਗਾ। 8 ਤਰੀਕ ਦੀ ਰਾਤ ਨੂੰ ਉਹ ਘਰੋਂ ਚਲਾ ਗਿਆ ਪਰ ਵਾਪਸ ਨਹੀਂ ਆਇਆ। ਅਗਲੇ ਦਿਨ ਜੀ. ਆਰ. ਪੀ. ਦੇ ਮੁਲਾਜ਼ਮਾਂ ਨੇ ਦੱਸਿਆ ਕਿ ਆਸ਼ੂ ਨੇ ਜਾਨ ਦੇ ਦਿੱਤੀ ਹੈ ਅਤੇ ਮੌਕੇ ਤੋਂ ਚਿੱਠੀ ਪੱਤਰ ਮਿਲਿਆ ਹੈ।