ਲੁਧਿਆਣਾ, 12 ਦਸੰਬਰ| ਲੁਧਿਆਣਾ ਦੇ ਪਿੰਡ ਹਵਾਸ ਵਿੱਚ ਗੁੰਡਾਗਰਦੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਜ਼ਮੀਨੀ ਵਿਵਾਦ ਦੇ ਚਲਦਿਆਂ ਇੱਕ ਵਿਅਕਤੀ ਨੇ ਆਪਣੇ ਛੋਟੇ ਭਰਾ ਅਤੇ ਉਸਦੇ ਪੁੱਤਰ ਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਾਰਕੁੱਟ ਕੀਤੀ। ਜਿਨ੍ਹਾਂ ਨੇ ਦੇਰ ਸ਼ਾਮ ਸਿਵਲ ਹਸਪਤਾਲ ਵਿੱਚ ਆ ਕੇ ਮੈਡੀਕਲ ਕਰਵਾਇਆ ਅਤੇ ਇਸ ਦੌਰਾਨ ਇਨ੍ਹਾਂ ਦੇ ਕਈ ਟਾਂਕੇ ਵੀ ਲੱਗੇ ਹਨ। ਇਸ ਘਟਨਾ ਨੂੰ ਲੈ ਕੇ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।
ਪੀੜਤ ਇੰਦਰਜੀਤ ਸਿੰਘ ਅਤੇ ਉਸ ਦੇ ਪਿਤਾ ਸੁਦਾਗਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮਕਾਨ ਬਣ ਰਿਹਾ ਹੈ, ਜਿਸ ਲਈ ਉਹ ਬੈਂਕ ਵਿੱਚੋਂ ਪੈਸੇ ਕੱਢਵਾਉਣ ਆਏ ਸਨ। ਇਸ ਦੌਰਾਨ ਸੁਦਾਗਰ ਸਿੰਘ ਨੇ ਇੱਕ ਲੱਖ ਰੁਪਿਆ ਨਕਦੀ ਕੱਢਵਾ ਕੇ ਇੰਦਰਜੀਤ ਨੂੰ ਦੇ ਦਿੱਤੀ। ਜਦਕਿ ਇਕ ਲੱਖ ਰੁਪਿਆ ਉਸਨੇ ਇੰਦਰਜੀਤ ਦੇ ਖਾਤੇ ਟ੍ਰਾਂਸਫਰ ਕਰਵਾ ਦਿੱਤਾ।
ਉਨ੍ਹਾਂ ਦੱਸਿਆ ਕਿ ਜਦੋਂ ਉਹ ਪਿੰਡ ਪਹੁੰਚੇ ਤਾਂ ਸੌਦਾਗਰ ਦਾ ਵੱਡਾ ਭਰਾ (ਇੰਦਰਜੀਤ ਦਾ ਤਾਇਆ) ਉਨ੍ਹਾਂ ਦੇ ਖੇਤਾਂ ਵਿੱਚ ਬੀਜੀ ਹੋਈ ਕਣਕ ਦੀ ਫਸਲ ਉੱਪਰ ਟਰੈਕਟਰ ਚਲਾ ਰਿਹਾ ਸੀ। ਜਦੋਂ ਉਨ੍ਹਾਂ ਨੇ ਇਸ ਦਾ ਵਿਰੋਧ ਕੀਤਾ ਤਾਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਮਾਰਕੁੱਟ ਕੀਤੀ।
ਉਹ ਜ਼ਖਮੀ ਹਾਲਤ ਦੇ ਵਿੱਚ ਹੀ ਖੇਤਾਂ ਵਿੱਚ ਡਿੱਗ ਗਏ। ਸੂਚਨਾ ਮਿਲਦਿਆਂ ਹੀ ਮੌਕੇ ‘ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ। ਪੀੜਤ ਪਰਿਵਾਰ ਨੇ ਆਰੋਪੀਆਂ ਖਿਲਾਫ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ।