ਲੁਧਿਆਣਾ : ਲਾਡਾਂ ਨਾਲ ਪਾਲਿਆ ਸੀ ਦਿਓਰ, ਗਾਲ੍ਹਾਂ ਕੱਢਣ ‘ਤੇ ਰੋਕਿਆ ਤਾਂ ਭਰਜਾਈ ਨੂੰ ਚਾਕੂਆਂ ਨਾਲ ਦਿੱਤਾ ਮਾਰ

0
1046

ਲੁਧਿਆਣਾ | ਪਤੀ ਦੇ ਜਿਸ ਮਮੇਰੇ ਭਰਾ ਨੂੰ ਆਪਣੇ ਘਰ ‘ਚ ਰੱਖਕੇ ਪਾਲਣ ਪੋਸ਼ਣ ਕੀਤਾ ਉਸ ਨੇ ਹੀ ਭਰਜਾਈ ਦਾ ਕਤਲ ਕਰ ਦਿੱਤਾ ਹੈ। ਘਟਨਾ ਥਾਣਾ ਜਮਾਲਪੁਰ ਅਧੀਨ ਆਉਂਦੀ ਸੀਐਮਸੀ ਕਾਲੋਨੀ ਦੀ ਹੈ। ਚਾਕੂਆਂ ਦੇ ਹਮਲੇ ਨਾਲ ਗੰਭੀਰ ਜ਼ਖਮੀ ਔਰਤ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਉਸ ਨੇ ਦਮ ਤੋੜ ਦਿੱਤਾ। ਹਮਲੇ ਵਿੱਚ ਮਹਿਲਾ ਦੇ 2 ਬੱਚੇ ਵੀ ਜ਼ਖਮੀ ਹੋਏ ਹਨ।

38 ਸਾਲ ਦੀ ਸੁਮਨ ਦੇ ਲੜਕੇ ਨੇ ਦੱਸਿਆ ਕਿ ਰਿਸ਼ਤੇ ‘ਚ ਚਾਚਾ ਲੱਗਦਾ ਅਰਵਿੰਦ ਕੁਮਾਰ ਪਿਤਾ ਦਾ ਮਮੇਰਾ ਭਰਾ ਹੈ। ਉਹ ਮੋਟਰਸਾਈਕਲ ‘ਤੇ ਆਇਆ ਅਤੇ ਘਰ ਦੇ ਬਾਹਰ ਖੜ੍ਹਾ ਹੋ ਕੇ ਗਾਲੀ ਗਲੋਚ ਕਰਨ ਲੱਗਾ। ਜਦੋਂ ਵਿਵੇਕ ਤੇ ਅਭਿਸ਼ੇਕ ਨੇ ਅਰਵਿੰਦ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਅਰਵਿੰਦ ਨੇ ਬੈਗ ‘ਚੋਂ ਇਕ ਵੱਡਾ ਚਾਕੂਨੁਮਾ ਹਥਿਆਰ ਕੱਢਿਆ ਅਤੇ ਉਨ੍ਹਾਂ ਉਪੱਰ ਹਮਲਾ ਕਰ ਦਿੱਤਾ। ਵਿਵੇਕ ਦੀ ਬਾਂਹ ਅਤੇ ਅਭਿਸ਼ੇਕ ਦੀ ਛਾਤੀ ਉੱਪਰ ਚਾਕੂ ਲੱਗੇ। ਇਸ ਦੌਰਾਨ ਹੀ ਵਿਵੇਕ ਤੇ ਅਭਿਸ਼ੇਕ ਨੇ ਕਿਸੇ ਤਰ੍ਹਾਂ ਅਰਵਿੰਦ ਤੋਂ ਚਾਕੂਨੁਮਾ ਹਥਿਆਰ ਖੋਹ ਕੇ ਸੁੱਟ ਦਿੱਤਾ। ਜਦੋਂ ਸੁਮਨ ਆਪਣੇ ਬੇਟਿਆਂ ਦੇ ਬਚਾਅ ਲਈ ਅੱਗੇ ਆਈ ਤਾਂ ਅਰਵਿੰਦ ਨੇ ਆਪਣੀ ਜੁਰਾਬ ‘ਚ ਲੁਕਾਏ ਚਾਕੂਨੁਮਾ ਹਥਿਆਰ ਨਾਲ ਸੁਮਨ ਉੱਪਰ ਹਮਲਾ ਕੀਤਾ। ਲਗਾਤਾਰ ਵਾਰ ਕਰਨ ਨਾਲ ਸੁਮਨ ਜ਼ਖਮੀ ਹੋ ਗਈ। ਅਰਵਿੰਦ ਮੋਟਰਸਾਇਕਲ ਉੱਥੇ ਹੀ ਛੱਡ ਕੇ ਫਰਾਰ ਹੋ ਗਿਆ। ਮੁਹੱਲੇ ਦੇ ਲੋਕਾਂ ਨੇ ਸੁਮਨ ਨੂੰ ਗੰਭੀਰ ਜ਼ਖਮੀ ਹਾਲਤ ‘ਚ ਸਿਵਲ ਹਸਪਤਾਲ ਭੇਜਿਆ।

ਵਿਵੇਕ ਨੇ ਦੱਸਿਆ ਕਿ ਅਰਵਿੰਦ ਪਹਿਲਾਂ ਉਨ੍ਹਾਂ ਦੇ ਘਰ ‘ਚ ਹੀ ਰਹਿੰਦਾ ਸੀ। ਕਰੀਬ ਇਕ ਸਾਲ ਪਹਿਲਾਂ ਹੀ ਮਿ੍ਤਕਾ ਅਤੇ ਉਸਦੇ ਪਤੀ ਰਾਜ ਬਹਾਦੁਰ ਨੇ ਅਰਵਿੰਦ ਦਾ ਵਿਆਹ ਬਹੁਤ ਹੀ ਧੂਮਧਾਮ ਨਾਲ ਕੀਤਾ ਸੀ। ਅਚਾਨਕ ਕੀ ਹੋ ਗਿਆ ਉਹ ਸਮਝ ਤੋਂ ਪਰੇ ਹੈ।

ਮਾਮਲੇ ਸਬੰਧੀ ਇਲਾਕੇ ਦੇ ਰਹਿਣ ਵਾਲੇ ਰਜਿੰਦਰ ਸਿੰਘ ਹੁੰਦਲ ਨੇ ਦੱਸਿਆ ਕਿ ਹਮਲਾਵਰ ਪਹਿਲਾਂ ਰਾਜ ਬਹਾਦੁਰ ਦੇ ਘਰ ‘ਚ ਹੀ ਰਹਿੰਦਾ ਸੀ। ਕਰੀਬ ਦੋ ਮਹੀਨੇ ਪਹਿਲਾਂ ਅਰਵਿੰਦ ਨੇ ਰਾਜ ਬਹਾਦੁਰ ਤੋਂ ਆਪਣਾ ਹਿੱਸਾ ਮੰਗਣਾ ਸ਼ੁਰੂ ਕੀਤਾ। ਜਿਸ ਘਰ ‘ਚ ਉਹ ਰਹਿੰਦੇ ਸਨ, ਉਹ ਉਨ੍ਹਾਂ ਨੇ ਸਾਂਝੇ ਤੌਰ ‘ਤੇ ਲਿਆ ਸੀ। ਅਰਵਿੰਦ ਅਤੇ ਰਾਜ ਬਹਾਦੁਰ ਦੇ ਇਸ ਝਗੜੇ ਨੂੰ ਮਿਟਾਉਣ ਲਈ ਉਨ੍ਹਾ ਦੇ ਦਫਤਰ ‘ਚ ਹੀ ਪੰਚਾਇਤੀ ਰਾਜ਼ੀਨਾਮਾ ਕਰਵਾਇਆ ਗਿਆ ਸੀ। ਜਿਸ ‘ਚ ਰਾਜ ਬਹਾਦੁਰ ਨੇ ਅਰਵਿੰਦ ਨੂੰ ਚਾਰ ਲੱਖ ਰੁਪਏ ਦੇਣੇ ਸਨ, ਜਿਸ ‘ਚੋਂ 2 ਲੱਖ ਰੁਪਏ ਦੇ ਚੈਕੱ ਮੌਕੇ ‘ਤੇ ਹੀ ਅਰਵਿੰਦ ਨੂੰ ਦੇ ਦਿੱਤੇ ਗਏ ਅਤੇ ਬਾਕੀ 2 ਲੱਖ ਰੁਪਏ 6 ਮਹੀਨੇ ‘ਚ ਦੇਣੇ ਸਨ। ਅਰਵਿੰਦ ਨੂੰ ਦਿੱਤੇ ਗਏ 2 ਲੱਖ ਦੇ ਚੈਕੱ ਪਾਸ ਹੋ ਗਏ ਸਨ। ਇਸ ਲਈ ਦੋਵਾਂ ਵਿਚਕਾਰ ਕਿਸੇ ਤਰ੍ਹਾਂ ਦੇ ਝਗੜੇ ਜਾਂ ਰੰਜਿਸ਼ ਦੀ ਕੋਈ ਗੁੰਜਇਸ਼ ਬਾਕੀ ਨਹੀਂ ਰਹਿ ਜਾਂਦੀ। ਸ਼ਾਮ ਨੂੰ ਰਾਜ ਬਹਾਦੁਰ ਦੇ ਪਰਿਵਾਰ ਉਪੱਰ ਹਮਲੇ ਦੇ ਬਾਅਦ ਜਦੋਂ ਰਾਜਿੰਦਰ ਹੁੰਦਲ ਨੇ ਹਮਲਾਵਰ ਦੀ ਪਤਨੀ ਨੂੰ ਫੋਨ ‘ਤੇ ਅਰਵਿੰਦ ਬਾਰੇ ਪੁੱਛਿਆ ਤਾਂ ਉਸਨੇ ਕਥਿਤ ਰੂਪ ਨਾਲ ਕਿਹਾ ਕਿ ਉਹ ਸਵੇਰ ਦਾ ਉਨ੍ਹਾ ਦਾ ਫੋਨ ਵੀ ਪਿਕ ਨਹੀਂ ਕਰ ਰਿਹਾ। ਜਿਸ ਕਾਰਨ ਹਮਲਾਵਰ ਦੀ ਮਾਨਸਿਕਤਾ ਨੂੰ ਉਸਦੀ ਗ੍ਰਿਫਤਾਰੀ ਦੇ ਬਾਅਦ ਹੀ ਸਮਝਿਆ ਜਾ ਸਕਦਾ ਹੈ। ਇਹ ਸਾਰੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ, ਓਧਰ ਪੁਲਿਸ ਜਾਂਚ ਵਿੱਚ ਜੁਟੀ ਹੋਈ ਹੈ ਪਰ ਪੱਤਰਕਾਰਾਂ ਦੇ ਸਵਾਲਾਂ ਦੇ ਜਬਾਵ ਦੇਣ ਤੋਂ ਬਚ ਰਹੀ ਹੈ।