ਲੁਧਿਆਣਾ : ਕਰੋੜਾਂ ਦੀ BMW ਮਿੰਟਾਂ ‘ਚ ਹੋਈ ਖਾਕ; ਰਿਪੇਅਰ ਕਰਨ ਪਿੱਛੋਂ ਟ੍ਰਾਈ ਲੈਣ ਨਿਕਲਿਆ ਸੀ ਮੈਕੈਨਿਕ, ਲੱਗੀ ਅੱਗ

0
201

ਲੁਧਿਆਣਾ| ਪੰਜਾਬ ‘ਚ ਪੈ ਰਹੀ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ‘ਚ ਵਾਧਾ ਹੋ ਰਿਹਾ ਹੈ। ਦੋਰਾਹਾ, ਖੰਨਾ ‘ਚ ਨੈਸ਼ਨਲ ਹਾਈਵੇ (NH) ‘ਤੇ ਸ਼ਨੀਵਾਰ ਰਾਤ ਕਰੀਬ 11 ਵਜੇ ਇੱਕ ਚੱਲਦੀ BMW ਕਾਰ ਨੂੰ ਅੱਗ ਲੱਗ ਗਈ। ਡਰਾਈਵਰ ਨੇ ਸਮੇਂ ਸਿਰ ਛਾਲ ਮਾਰ ਕੇ ਆਪਣੀ ਜਾਨ ਬਚਾਈ। ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝਦਾ, ਲਗਜ਼ਰੀ ਕਾਰ ਉਸ ਦੀਆਂ ਅੱਖਾਂ ਦੇ ਸਾਹਮਣੇ ਅੱਗ ਦੀ ਲਪੇਟ ਵਿਚ ਆ ਗਈ।

ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨੇ ਮੁਸ਼ਕਲ ਨਾਲ ਬੁਝਾਈ ਅੱਗ

ਸੂਚਨਾ ਮਿਲਦੇ ਹੀ ਦੋਰਾਹਾ ਅਤੇ ਖੰਨਾ ਤੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਅਤੇ ਕਰੀਬ 2 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਹਾਦਸਾ ਫਾਇਰ ਸਟੇਸ਼ਨ ਤੋਂ ਕਰੀਬ 20 ਕਿਲੋਮੀਟਰ ਦੀ ਦੂਰੀ ‘ਤੇ ਵਾਪਰਿਆ। ਫਾਇਰ ਕਰਮਚਾਰੀ ਸੁਖਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਕਾਲ ਤੋਂ ਸੂਚਨਾ ਮਿਲੀ ਸੀ ਕਿ ਦੋਰਾਹਾ ਵਿੱਚ ਇੱਕ ਕਾਰ ਨੂੰ ਅੱਗ ਲੱਗ ਗਈ ਹੈ। ਜਦੋਂ ਤੱਕ ਉਹ ਪਹੁੰਚੇ, ਉਦੋਂ ਤੱਕ ਕਾਰ ਸੜ ਚੁੱਕੀ ਸੀ।

ਦੋਰਾਹਾ ਥਾਣੇ ਦੇ ਏਐਸਆਈ ਸੁਰਜੰਗਦੀਪ ਸਿੰਘ ਨੇ ਦੱਸਿਆ ਕਿ ਇਹ ਘਟਨਾ ਰਾਜਗੜ੍ਹ ਦੇ ਯੂ-ਟਰਨ ਨੇੜੇ ਵਾਪਰੀ। ਰਾਜਗੜ੍ਹ ਤੋਂ ਯੂ-ਟਰਨ ਲੈ ਕੇ ਸਾਹਨੇਵਾਲ ਤੋਂ ਵਾਪਸ ਆਉਂਦੇ ਸਮੇਂ ਕਾਰ ਨੂੰ ਅੱਗ ਲੱਗ ਗਈ। ਰਾਤ ਦਾ ਸਮਾਂ ਸੀ ਆਲੇ-ਦੁਆਲੇ ਕੋਈ ਨਹੀਂ ਸੀ। ਆਪਣੇ ਪੱਧਰ ‘ਤੇ ਅੱਗ ਬੁਝਾਉਣ ਦੇ ਯਤਨ ਜ਼ਰੂਰ ਕੀਤੇ ਗਏ ਸਨ ਪਰ ਅੱਗ ਹੋਰ ਸੀ। ਜਿਸ ਕਾਰਨ ਖੰਨਾ ਅਤੇ ਦੋਰਾਹਾ ਤੋਂ ਫਾਇਰ ਬ੍ਰਿਗੇਡ ਨੂੰ ਬੁਲਾਇਆ ਗਿਆ।

ਦੱਸ ਦੇਈਏ ਕਿ ਇਹ ਕਾਰ ਹਰਮਨਦੀਪ ਸਿੰਘ ਵਾਸੀ ਪ੍ਰੀਤ ਨਗਰ ਬਸਤੀ ਜੋਧੇਵਾਲ ਲੁਧਿਆਣਾ ਦੀ ਹੈ। ਮਾਲਕ ਨੇ ਕਾਰ ਸਾਹਨੇਵਾਲ ਦੀ ਵਰਕਸ਼ਾਪ ਵਿੱਚ ਖੜ੍ਹੀ ਕੀਤੀ ਸੀ। ਮਕੈਨਿਕ ਟ੍ਰਾਈ ਲੈਣ ਲਈ ਕਾਰ ਬਾਹਰ ਲੈ ਕੇ ਨਿਕਲਿਆ ਹੀ ਸੀ ਕਿ ਇਸ ਦੌਰਾਨ ਅੱਗ ਲੱਗ ਗਈ। ਮਾਲਕ ਨੂੰ ਵੀ ਮੌਕੇ ‘ਤੇ ਬੁਲਾਇਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ ਪਰ ਸ਼ੁਕਰ ਹੈ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

(Note : ਖਬਰਾਂ ਦੇ ਅਪਡੇਟਸ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਭ ਤੋਂ ਪਹਿਲਾਂ ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਇਸ ਤੋਂ ਬਾਅਦ ਇਸ ਲਿੰਕ  ‘ਤੇ ਕਲਿੱਕ ਕਰਕੇ ਗਰੁੱਪ ਨਾਲ ਜੁੜੋ। ਪੰਜਾਬ ਦਾ ਹਰ ਜ਼ਰੂਰੀ ਅਪਡੇਟ ਆਵੇਗਾ ਸਿੱਧਾ ਤੁਹਾਡੇ ਮੋਬਾਇਲ ‘ਤੇ)