ਖੰਨਾ/ਲੁਧਿਆਣਾ | ਕੋਰਟ ਕੰਪਲੈਕਸ ‘ਚ ਬੰਬ ਬਲਾਸਟ ਦੇ ਆਰੋਪੀ ਗਗਨਦੀਪ ਨੂੰ ਲੈ ਕੇ ਜਾਂਚ ਏਜੰਸੀਆਂ ਦੇ ਸਾਹਮਣੇ ਲਗਾਤਾਰ ਨਵੀਆਂ ਗੱਲਾਂ ਆ ਰਹੀਆਂ ਹਨ।
ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਨੂੰ ਵੀ ਗਗਨਦੀਪ ਤੇ ਮਹਿਲਾ ਕਾਂਸਟੇਬਲ ਇਕ ਦੂਜੇ ਨੂੰ ਮਿਲੇ ਤੇ 5-6 ਘੰਟੇ ਇਕੱਠੇ ਰਹੇ। ਦੂਜੇ ਪਾਸੇ ਗਗਨਦੀਪ ਦੀ ਮਹਿਲਾ ਦੋਸਤ ਕਾਂਸਟੇਬਲ ਕਮਲਦੀਪ ਕੌਰ ਤੋਂ ਪੁੱਛਗਿੱਛ ਜਾਰੀ ਹੈ। ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ।
ਸੂਤਰ ਦੱਸਦੇ ਹਨ ਕਿ ਕਾਂਸਟੇਬਲ ਨੇ ਗਗਨਦੀਪ ਨਾਲ ਸੰਬੰਧਾਂ ਦੀ ਗੱਲ ਤਾਂ ਕਬੂਲ ਕਰ ਲਈ ਹੈ ਪਰ ਉਹ ਘਟਨਾ ਬਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਤੋਂ ਲਗਾਤਾਰ ਇਨਕਾਰ ਕਰ ਰਹੀ ਹੈ। ਧਮਾਕੇ ਕਾਰਨ ਐੱਨਆਈਏ ਲਗਾਤਾਰ ਪਰਤਾਂ ਖੋਲ੍ਹਣ ਦੀ ਕੋਸ਼ਿਸ਼ ਕਰ ਰਹੀ ਹੈ।
ਗਗਨਦੀਪ ਲਗਾਤਾਰ ਥਾਣਾ ਸਦਰ ਖੰਨਾ ‘ਚ ਆਉਂਦਾ-ਜਾਂਦਾ ਰਹਿੰਦਾ ਸੀ
ਸੂਤਰਾਂ ਅਨੁਸਾਰ ਕਰੀਬ ਢਾਈ ਮਹੀਨੇ ਪਹਿਲਾਂ ਜ਼ਮਾਨਤ ‘ਤੇ ਰਿਹਾਅ ਹੋਣ ਤੋਂ ਬਾਅਦ ਵੀ ਗਗਨਦੀਪ ਲਗਾਤਾਰ ਥਾਣਾ ਸਦਰ ਖੰਨਾ ਦੇ ਚੱਕਰ ਕੱਟਦਾ ਰਹਿੰਦਾ ਸੀ। ਗਗਨਦੀਪ ਇਸੇ ਥਾਣੇ ਵਿੱਚ ਹੈੱਡ ਮੁਨਸ਼ੀ ਸੀ, ਜਦੋਂ ਉਸ ਨੂੰ ਨਸ਼ਾ ਤਸਕਰੀ ਦੇ ਆਰੋਪ ਵਿੱਚ ਫੜਿਆ ਗਿਆ ਸੀ।
ਜਾਣਕਾਰੀ ਮੁਤਾਬਕ ਐੱਨਆਈਏ ਦੀ ਟੀਮ ਸਦਰ ਥਾਣੇ ਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿੱਚ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਨ ਵਿੱਚ ਲੱਗੀ ਹੋਈ ਹੈ।
ਇਸ ਦੇ ਨਾਲ ਹੀ ਗਗਨਦੀਪ ਦੇ ਸੰਪਰਕ ਵਿੱਚ ਆਏ ਕੁਝ ਹੋਰ ਪੁਲਿਸ ਮੁਲਾਜ਼ਮਾਂ ਤੋਂ ਵੀ ਜਾਂਚ ਏਜੰਸੀਆਂ ਪੁੱਛਗਿੱਛ ਕਰ ਸਕਦੀਆਂ ਹਨ। ਇਸ ਸਬੰਧੀ ਖੰਨਾ ਪੁਲਿਸ ਵਿੱਚ ਵੀ ਹੜਕੰਪ ਮਚ ਗਿਆ ਹੈ। ਇਸ ਬਾਰੇ ਕੋਈ ਵੀ ਖੁੱਲ੍ਹ ਕੇ ਗੱਲ ਕਰਨ ਨੂੰ ਤਿਆਰ ਨਹੀਂ ਹੈ।
ਆਰੋਪੀ ਗਗਨਦੀਪ ਦੀ ਐਕਟਿਵਾ ਪੁਲਿਸ ਨੇ ਕੀਤੀ ਬਰਾਮਦ
ਇਸ ਦੇ ਨਾਲ ਹੀ ਲੁਧਿਆਣਾ ਬੰਬ ਧਮਾਕੇ ‘ਚ ਮਾਰੇ ਗਏ ਆਰੋਪੀ ਗਗਨਦੀਪ ਦੀ ਐਕਟਿਵਾ ਵੀ ਪੁਲਿਸ ਨੇ ਬਰਾਮਦ ਕਰ ਲਈ ਹੈ। ਇਹ ਐਕਟਿਵਾ ਸੀਆਈਏ ਲੁਧਿਆਣਾ ਦੀ ਟੀਮ ਨੇ ਖੰਨਾ ਸਿਵਲ ਹਸਪਤਾਲ ਦੀ ਪਾਰਕਿੰਗ ‘ਚੋਂ ਬਰਾਮਦ ਕੀਤੀ ਹੈ।
ਦੱਸਿਆ ਜਾਂਦਾ ਹੈ ਕਿ ਗਗਨਦੀਪ ਐਕਟਿਵਾ ਖੜ੍ਹੀ ਕਰਕੇ ਲੁਧਿਆਣਾ ਚਲਾ ਗਿਆ ਸੀ। ਹੁਣ ਜਾਂਚ ਏਜੰਸੀਆਂ ਇਸ ਗੱਲ ਦੀ ਜਾਂਚ ਕਰ ਰਹੀਆਂ ਹਨ ਕਿ ਗਗਨਦੀਪ ਐਕਟਿਵਾ ਪਾਰਕ ਕਰਨ ਤੋਂ ਬਾਅਦ ਬੱਸ ਰਾਹੀਂ ਲੁਧਿਆਣਾ ਗਿਆ ਸੀ ਜਾਂ ਕਿਸੇ ਨੇ ਉਸ ਨੂੰ ਆਪਣੀ ਕਾਰ ਵਿੱਚ ਬਿਠਾ ਲਿਆ ਸੀ।