ਲੁਧਿਆਣਾ | ਇਥੋਂ ਇਕ ਲੁੱਟ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਬੇਖੌਫ ਬਦਮਾਸ਼ ਕਾਰੋਬਾਰੀ ਦੇ ਘਰ ਅੰਦਰ ਦਾਖਲ ਹੋ ਗਏ। ਬਦਮਾਸ਼ਾਂ ਨੇ ਕਾਰੋਬਾਰੀ ਦੀ ਪਤਨੀ ‘ਤੇ ਰਾਡਾਂ ਨਾਲ ਕਈ ਵਾਰ ਕੀਤੇ ਅਤੇ ਘਰ ‘ਚੋਂ ਲੱਖਾਂ ਰੁਪਏ ਦੇ ਸੋਨੇ ਦੇ ਗਹਿਣੇ ਅਤੇ 15 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਬਦਮਾਸ਼ਾਂ ਨੇ ਜਦੋਂ ਵਾਰਦਾਤ ਨੂੰ ਅੰਜਾਮ ਦਿੱਤਾ, ਉਸ ਵੇਲੇ ਘਰ ਵਿਚ ਕਾਰੋਬਾਰੀ ਦੀ ਪਤਨੀ ਤੋਂ ਇਲਾਵਾ ਬਜ਼ੁਰਗ ਮਾਤਾ ਅਤੇ ਉਨ੍ਹਾਂ ਦਾ ਬੇਟਾ ਮੌਜੂਦ ਸੀ।
ਪਤਨੀ ਕੋਲੋਂ ਸੋਨਾ ਲੁੱਟਣ ਤੋਂ ਬਾਅਦ ਬਦਮਾਸ਼ ਉਨ੍ਹਾਂ ਦੀ ਮਾਤਾ ਕੋਲ ਆ ਗਏ । 85 ਸਾਲ ਦੀ ਬਜ਼ੁਰਗ ਔਰਤ ਨੇ ਜਦੋਂ ਸੋਨਾ ਦੇਣ ਤੋਂ ਮਨ੍ਹਾ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਦੀ ਬਾਂਹ ਮਰੋੜ ਕੇ ਚੂੜੀਆਂ ਅਤੇ ਕੰਨਾਂ ਦੇ ਟੌਪਸ ਉਤਾਰ ਲਏ। ਰਮੇਸ਼ ਕੁਮਾਰ ਨੇ ਦੱਸਿਆ ਕਿ ਵਾਰਦਾਤ ਵੇਲੇ ਉਨ੍ਹਾਂ ਦਾ ਸਪੈਸ਼ਲ ਬੇਟਾ ਮਾਧਵ ਜਿੰਦਲ ਮਾਂ ਕੋਲ ਹੀ ਮੌਜੂਦ ਸੀ। ਬਦਮਾਸ਼ਾਂ ਨੇ ਜਿਸ ਤਰ੍ਹਾਂ ਹੀ ਕੁੱਟਮਾਰ ਕਰਨੀ ਸ਼ੁਰੂ ਕੀਤੀ ਤਾਂ ਮਾਧਵ ਨੂੰ ਸਮਝ ਨਹੀਂ ਆਈ ਕਿ ਆਖਿਰ ਹੋ ਕੀ ਰਿਹਾ ਹੈ।
ਜਾਣਕਾਰੀ ਦਿੰਦਿਆਂ ਹੰਬੜਾ ਰੋਡ ਗਰੇਟਰ ਕੈਲਾਸ਼ ਦੇ ਵਾਸੀ ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦਾ ਹੌਜ਼ਰੀ ਦਾ ਕਾਰੋਬਾਰ ਹੈ। ਦੁਪਹਿਰ ਵੇਲੇ ਕਾਰੋਬਾਰੀ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਘਰ ‘ਤੇ ਹਮਲਾ ਹੋ ਗਿਆ ਹੈ। ਰਮੇਸ਼ ਨੇ ਦੱਸਿਆ ਕਿ ਦੁਪਹਿਰ ਸਵਾ 2 ਵਜੇ ਦੇ ਕਰੀਬ ਨਕਾਬਪੋਸ਼ 3 ਬਦਮਾਸ਼ ਜ਼ਬਰਦਸਤੀ ਘਰ ਅੰਦਰ ਦਾਖਲ ਹੋਏ ਅਤੇ ਰਮੇਸ਼ ਦੀ ਪਤਨੀ ਸ਼ੀਖਾ ਜਿੰਦਲ ‘ਤੇ ਵਾਰ ਕਰਨ ਲੱਗ ਪਏ। ਬਦਮਾਸ਼ਾਂ ਨੇ ਸ਼ੀਖਾ ਦੇ ਇਕ ਪੈਰ ‘ਤੇ ਕਈ ਵਾਰ ਕੀਤੇ ਅਤੇ 4 ਸੋਨੇ ਦੀਆਂ ਚੂੜੀਆ ਅਤੇ 3 ਸੋਨੇ ਦੀਆਂ ਮੁੰਦਰੀਆਂ ਲੁੱਟ ਲਈਆਂ।
ਉਨ੍ਹਾਂ ਦੇ ਭਰਾ ਦੇ ਮਕਾਨ ਨੂੰ ਕੁੰਡੀ ਮਾਰ ਦਿੱਤੀ। ਘਰ ਵਿਚ ਪੂਰੀ ਤਰ੍ਹਾਂ ਦਹਿਸ਼ਤ ਫੈਲਾਉਣ ਤੋਂ ਬਾਅਦ ਮੁਲਜ਼ਮ 12 ਮਿੰਟ ਵਿਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ ਤੋਂ ਫਰਾਰ ਹੋ ਗਏ। ਵਾਰਦਾਤ ਦੀਆਂ ਤਸਵੀਰਾਂ ਇਲਾਕੇ ਵਿਚ ਲੱਗੇ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈਆਂ। ਇਸ ਮਾਮਲੇ ਵਿਚ ਥਾਣਾ ਪੀਏਯੂ ਦੀ ਪੁਲਿਸ ਨੇ ਐਫਆਈਆਰ ਦਰਜ ਕਰਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ।